ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ
ਕੱਚੇ ਪਾਮ ਤੇਲ ’ਤੇ ਬੇਸ ਇੰਪੋਰਟ ਟੈਕਸ 10 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ
ਨਵੀਂ ਦਿੱਲੀ : ਜਲਦ ਹੀ ਬਾਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਰੀਕਾਰਡ ਉੱਚ ਪੱਧਰ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਤੇਲ ’ਤੇ ਇੰਪੋਰਟ ਡਿਊਟੀ ਵਿਚ ਕਟੌਤੀ ਕਰ ਦਿਤੀ ਹੈ। ਇੰਪੋਰਟ ਡਿਊਟੀ ਵਿਚ ਕਮੀ ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਘਟਾ ਸਕਦੀ ਹੈ ਅਤੇ ਖਪਤ ਨੂੰ ਉਤਸ਼ਾਹਤ ਕਰ ਸਕਦੀ ਹੈ। ਸਰਕਾਰ ਨੇ ਸ਼ੁਕਰਵਾਰ ਦੇਰ ਰਾਤ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਕਿ ਕੱਚੇ ਪਾਮ ਤੇਲ ’ਤੇ ਬੇਸ ਇੰਪੋਰਟ ਟੈਕਸ 10 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ
ਜਦੋਂ ਕਿ ਕੱਚੇ ਸੋਇਆ ਤੇਲ ਤੇ ਕੱਚੇ ਸੂਰਜਮੁਖੀ ਤੇਲ ’ਤੇ ਟੈਕਸ 7.5 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ। ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਦੇ ਤੇਲ ਦੇ ਰਿਫ਼ਾਇੰਡ ਗ੍ਰੇਡਜ਼ ’ਤੇ ਇੰਪੋਰਟ ਟੈਕਸ 37.5 ਫ਼ੀ ਸਦੀ ਤੋਂ ਘਟਾ ਕੇ 32.5 ਫ਼ੀ ਸਦੀ ਕਰ ਦਿਤਾ ਗਿਆ ਹੈ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਇਹ ਨੋਟੀਫ਼ਿਕੇਸ਼ਨ ਸਨਿਚਰਵਾਰ ਤੋਂ ਪ੍ਰਭਾਵੀ ਹੋਵੇਗੀ।
ਬੇਸ ਇੰਪੋਰਟ ਡਿਊਟੀ ਵਿਚ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੀ ਦਰਾਮਦ ’ਤੇ ਕੁਲ 24.75 ਫ਼ੀ ਸਦੀ ਟੈਕਸ ਰਹਿ ਗਿਆ ਹੈ, ਜਿਸ ਵਿਚ 2.5 ਫ਼ੀ ਸਦੀ ਬੇਸ ਇੰਪੋਰਟ ਡਿਊਟੀ ਤੇ ਹੋਰ ਟੈਕਸ ਸ਼ਾਮਲ ਹਨ। ਉਥੇ ਹੀ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੇ ਰਿਫ਼ਾਇੰਡ ਗ੍ਰੇਡ ’ਤੇ ਕੁਲ ਟੈਕਸ 35.75 ਫ਼ੀ ਸਦੀ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਪਣੀ ਦੋ-ਤਿਹਾਈ ਤੋਂ ਵੱਧ ਖਾਣਯੋਗ ਤੇਲ ਦੀ ਮੰਗ ਦਰਾਮਦ ਰਾਹੀਂ ਪੂਰੀ ਕਰਦਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਤੇਲ ਦੀਆਂ ਸਥਾਨਕ ਕੀਮਤਾਂ ਵਿਚ ਤੇਜ਼ੀ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਪਾਮ ਤੇਲ ਮੁੱਖ ਤੌਰ ’ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਹੁੰਦਾ ਹੈ, ਜਦੋਂ ਕਿ ਸੋਇਆ ਤੇ ਸੂਰਜਮੁਖੀ ਵਰਗੇ ਹੋਰ ਤੇਲ ਅਰਜਨਟੀਨਾ, ਬ੍ਰਾਜ਼ੀਲ, ਯੂਕਰੇਨ ਅਤੇ ਰੂਸ ਤੋਂ ਆਉਂਦੇ ਹਨ।