ਮੌਤ ਤੋਂ ਬਾਅਦ ਵੀ 8 ਸਾਲਾ ਬੱਚੇ ਨੇ 6 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਅੰਗ ਕੀਤੇ ਦਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ

File Photo

ਕੈਥਲ - ਸੀਵਨ ਦੇ 8 ਸਾਲ ਦੇ ਬੱਚੇ ਓਮ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।  8 ਸਾਲਾ ਬੱਚਾ ਓਮ ਹੁਣ ਇਸ ਦੁਨੀਆ 'ਚ ਨਹੀਂ ਹਨ ਪਰ ਜਾਣ ਤੋਂ ਪਹਿਲਾਂ 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। ਓਮ 1 ਸਤੰਬਰ ਨੂੰ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਸੜਕ 'ਤੇ ਪੈਦਲ ਜਾ ਰਹੇ ਓਮ ਨੂੰ ਪ੍ਰਾਈਵੇਟ ਐਂਬੂਲੈਂਸ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਤੇ ਟੱਕਰ ਤੋਂ ਬਾਅਦ ਡਰਾਈਵਰ ਬੱਚੇ ਨੂੰ 25 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ।  

ਜਿਸ ਕਾਰਨ ਓਮ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਬੱਚਾ 10 ਦਿਨਾਂ ਤੱਕ ਪੀਜੀਆਈ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਐਤਵਾਰ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਪਰਿਵਾਰ ਨੇ ਵੱਡਾ ਦਿਲ ਦਿਖਾਉਂਦੇ ਹੋਏ ਅਪਣੇ ਜਿਗਰ ਦੇ ਟੁਕੜੇ ਦੇ ਅੰਗ ਦਾਨ ਕਰ ਦਿੱਤੇ।

ਡਾਕਟਰਾਂ ਨੇ ਵੀ ਉਹਨਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਬੱਚੇ ਨੂੰ ਸ਼ਰਧਾਂਜਲੀ ਦਿੱਤੀ। ਓਮ ਦੋ ਭਰਾਵਾਂ ਵਿਚੋਂ ਛੋਟਾ ਸੀ ਅਤੇ ਚੌਥੀ ਜਮਾਤ ਵਿਚ ਪੜ੍ਹਦਾ ਸੀ। ਪਿਤਾ ਚਰਨ ਸਿੰਘ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦਾ ਹੈ। ਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹੁਣ ਨਹੀਂ ਰਿਹਾ ਪਰ ਉਹ ਚਾਹੁੰਦਾ ਸੀ ਕਿ ਮੌਤ ਤੋਂ ਬਾਅਦ ਵੀ ਉਸ ਦਾ ਪੁੱਤਰ ਇਸ ਦੁਨੀਆਂ ਨੂੰ ਦੇਖ ਸਕੇ, ਉਸ ਦਾ ਦਿਲ ਧੜਕਦਾ ਰਹੇ। ਇਸ ਲਈ ਬੇਟੇ ਦੇ ਸਾਰੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਤੇ ਅੰਗ ਦਾਨ ਕਰ ਦਿੱਤੇ।