ਮਨੀਪੁਰ ’ਚ ਤਿੰਨ ਜਣਿਆਂ ਦਾ ਗੋਲੀ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਕਮੇਟੀ ਆਨ ਟ੍ਰਾਈਬਲ ਯੂਨਿਟੀ’ ਨੇ ਹਮਲੇ ਦੀ ਨਿੰਦਾ ਕੀਤੀ

file

ਇੰਫਾਲ: ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਅਣਪਛਾਤੇ ਲੋਕਾਂ ਨੇ ਘੱਟੋ-ਘੱਟ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰ ਦਿਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਕਾਂਗਗੁਈ ਇਲਾਕੇ ’ਚ ਸਥਿਤ ਇਰੇਂਗ ਅਤੇ ਕਰਮ ਵੈਫੇਈ ਪਿੰਡਾਂ ਵਿਚਕਾਰ ਹਮਲਾ ਕੀਤਾ ਗਿਆ।

ਉਨ੍ਹਾਂ ਕਿਹਾ, ‘‘ਇਹ ਘਟਨਾ ਸਵੇਰੇ ਵਾਪਰੀ ਜਦੋਂ ਅਣਪਛਾਤੇ ਵਿਅਕਤੀਆਂ ਨੇ ਇਰੇਂਗ ਅਤੇ ਕਰਮ ਵੈਫੇਈ ਪਿੰਡਾਂ ਦੇ ਵਿਚਕਾਰ ਇਕ ਇਲਾਕੇ ’ਚ ਤਿੰਨ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ।’’ ਕਾਂਗਪੋਕਪੀ ਸਥਿਤ ਸਮਾਜਕ ਸੰਗਠਨ ‘ਕਮੇਟੀ ਆਨ ਟ੍ਰਾਈਬਲ ਯੂਨਿਟੀ’ (ਸੀ.ਓ.ਟੀ.ਯੂ.) ਨੇ ਹਮਲੇ ਦੀ ਨਿੰਦਾ ਕੀਤੀ ਹੈ।

ਕੋਟੂ ਨੇ ਇਕ ਬਿਆਨ ’ਚ ਕਿਹਾ, ‘‘ਜੇਕਰ ਕੇਂਦਰ ਸਰਕਾਰ ਇੱਥੇ ਆਮ ਸਥਿਤੀ ਬਹਾਲ ਕਰਨ ਦੀ ਅਪਣੀ ਅਪੀਲ ਪ੍ਰਤੀ ਗੰਭੀਰ ਹੈ, ਤਾਂ ਉਸ ਨੂੰ ਤੁਰਤ ਵਾਦੀ ਦੇ ਸਾਰੇ ਜ਼ਿਲ੍ਹਿਆਂ ਨੂੰ ਅਸ਼ਾਂਤ ਖੇਤਰ ਐਲਾਨ ਕਰਨਾ ਚਾਹੀਦਾ ਹੈ ਅਤੇ ਹਥਿਆਰਬੰਦ ਫ਼ੋਰਸਾਂ (ਵਿਸ਼ੇਸ਼ ਤਾਕਤਾਂ) ਐਕਟ, 1958 ਨੂੰ ਲਾਗੂ ਕਰਨਾ ਚਾਹੀਦਾ ਹੈ।’’
ਇਸ ਤੋਂ ਪਹਿਲਾਂ 8 ਸਤੰਬਰ ਨੂੰ ਮਨੀਪੁਰ ਦੇ ਤੇਂਗਨੋਉਪਲ ਜ਼ਿਲ੍ਹੇ ਦੇ ਪੱਲੇਲ ਇਲਾਕੇ ’ਚ ਭੜਕੀ ਹਿੰਸਾ ’ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਮਨੀਪੁਰ ’ਚ 3 ਮਈ ਤੋਂ ਬਹੁਗਿਣਤੀ ਮੈਤੇਈ ਅਤੇ ਕਬਾਇਲੀ ਕੁਕੀ ਲੋਕਾਂ ਦਰਮਿਆਨ ਲਗਾਤਾਰ ਝੜਪਾਂ ਚੱਲ ਰਹੀਆਂ ਹਨ ਅਤੇ ਹੁਣ ਤਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

23 ਭਾਜਪਾ ਵਿਧਾਇਕਾਂ ਨੇ ਸੂਬੇ ਦੀ ਇਲਾਕਾਈ ਅਖੰਡਤਾ ਦੀ ਰਾਖੀ ਕਰਨ ਦਾ ਅਹਿਦ ਲਿਆ

ਇੰਫ਼ਾਲ: ਮਨੀਪੁਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 23 ਵਿਧਾਇਕਾਂ ਨੇ ਇਕ ਮਤੇ ’ਤੇ ਹਸਤਾਖ਼ਰ ਕੀਤੇ ਹਨ, ਜਿਸ ’ਚ ਹਿੰਸਾਗ੍ਰਸਤ ਸੂਬੇ ਦੀ ਇਲਾਕਾਈ ਅਖੰਡਤਾ ਦੀ ਰਾਖੀ ਕਰਨ ਦਾ ਅਹਿਦ ਲਿਆ ਗਿਆ ਹੈ। 

ਵਿਧਾਇਕਾਂ ਨੇ ਇਹ ਵੀ ਅਹਦ ਲਿਆ ਕਿ ਉਹ ਛੇਤੀ ਤੋਂ ਛੇਤੀ ਦਿੱਲੀ ਜਾਣਗੇ ਤਾਕਿ ਵਰਤਮਾਨ ਸੰਕਟ ਦਾ ਛੇਤੀ ਤੋਂ ਛੇਤੀ ਹੱਲ ਕਰਨ ਲਈ ਕੇਂਦਰੀ ਲੀਡਰਸ਼ਿਪ ਨੂੰ ਰਾਜ਼ੀ ਕੀਤਾ ਜਾ ਸਕੇ।

ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਹਸਤਾਖ਼ਰ ਕਰਨ ਵਾਲਿਆਂ ’ਚ ਸ਼ਾਮਲ ਨਹੀਂ ਹਨ। ਅਹਿਦ ’ਚ ਹਸਤਾਖ਼ਰ ਕਰਨ ਵਾਲੇ ਆਗੂਆਂ ਨੇ ਨਵੇਂ ਬਣੇ ਨਾਗਰਿਕ ਸਮਾਜ ਸੰਗਠਨ ‘ਯੂਥ ਆਫ਼ ਮਨੀਪੁਰ’ (ਵਾਈ.ਓ.ਐਮ.) ਦੇ ਮੈਂਬਰਾਂ ਨਾਲ ਸੋਮਵਾਰ ਰਾਤ ਮੁੱਖ ਮੰਤਰੀ ਸਕੱਤਰੇਤ ’ਚ ਬੈਠਕ ਮਗਰੋਂ ਦਸਿਆ ਕਿ ਕੁਕੀ-ਜੋ ਭਾਈਚਾਰੇ ਦੀ ਇਕ ਵੱਖ ਪ੍ਰਸ਼ਾਸਨ ਦੀ ਮੰਗ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। 

ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਵਾਈ.ਓ.ਐਮ. ਮੈਂਬਰਾਂ ਨੇ ਕੁਕੀ ਭਾਈਚਾਰੇ ਦੇ ਉਨ੍ਹਾਂ 10 ਵਿਧਾਇਕਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਮਨੀਪੁਰ ’ਚ  ਉਨ੍ਹਾਂ ਦੇ ਭਾਈਚਾਰੇ ਲਈ ਵੱਖ ਪ੍ਰਸ਼ਾਸਨ ਦੀ ਮੰਗ ਕੀਤੀ ਹੈ।  ਉਨ੍ਹਾਂ ਇਸ ਮਾਮਲੇ ’ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਅਤੇ ਸੂਬੇ ’ਚ ਕੌਮੀ ਨਾਗਰਕ ਰਜਿਸਟਰ (ਐੱਨ.ਆਰ.ਸੀ.) ਲਾਗੂ ਕਰਨ ਦੀ ਵੀ ਮੰਗ ਕੀਤੀ।