China-India border dispute : ਭਾਰਤ-ਚੀਨ ਸਬੰਧਾਂ 'ਤੇ ਬੋਲੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ - 75% ਸਮੱਸਿਆਵਾਂ ਹੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਭ ਤੋਂ ਵੱਡਾ ਮੁੱਦਾ ਸਰਹੱਦ 'ਤੇ ਫੌਜੀਕਰਨ ਦਾ ਵੱਧਣਾ ਹੈ- ਜੈਸ਼ੰਕਰ

External affairs minister S Jaishankar

China-India border dispute : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੂਰਬੀ ਲੱਦਾਖ 'ਚ ਸੀਮਾ ਵਿਵਾਦ 'ਤੇ ਕਿਹਾ ਕਿ ਚੀਨ ਨਾਲ ਲਗਭਗ 75 ਫੀਸਦੀ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ ਪਰ ਸਭ ਤੋਂ ਵੱਡਾ ਮੁੱਦਾ ਸਰਹੱਦ 'ਤੇ ਫੌਜੀਕਰਨ ਦਾ ਵੱਧਣਾ ਹੈ। ਸਵਿਟਜ਼ਰਲੈਂਡ ਦੀ ਰਾਜਧਾਨੀ ਜਿਨੇਵਾ ਸ਼ਹਿਰ ਵਿੱਚ ਇੱਕ ਥਿੰਕ-ਟੈਂਕ ਵਿੱਚ ਇੱਕ ਇੰਟਰਐਕਟਿਵ ਸੈਸ਼ਨ ਵਿੱਚ, ਜੈਸ਼ੰਕਰ ਨੇ ਕਿਹਾ ਕਿ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਨੇ ਭਾਰਤ-ਚੀਨ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੀਮਾ 'ਤੇ ਹਿੰਸਾ ਹੋਣ ਤੋਂ ਬਾਅਦ ਦੇ ਇਹ ਨਹੀਂ ਕਿਹਾ ਜਾ ਸਕਦਾ ਕਿ ਬਾਕੀ ਸਬੰਧ ਇਸ ਤੋਂ ਅਛੂਤੇ ਹਨ।

ਦੋਵਾਂ ਧਿਰਾਂ ਵਿਚਾਲੇ ਗੱਲਬਾਤ ਜਾਰੀ ਹੈ - ਜੈਸ਼ੰਕਰ

ਵਿਦੇਸ਼ ਮੰਤਰੀ ਨੇ ਕਿਹਾ ਕਿ ਸਮੱਸਿਆ ਦਾ ਹੱਲ ਲੱਭਣ ਲਈ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਜਨੇਵਾ ਸੈਂਟਰ ਫਾਰ ਸਕਿਓਰਿਟੀ ਪਾਲਿਸੀ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਗੱਲਬਾਤ ਚੱਲ ਰਹੀ ਹੈ, ਅਸੀਂ ਕੁਝ ਤਰੱਕੀ ਕੀਤੀ ਹੈ। ਮੈਂ ਮੋਟੇ ਤੌਰ 'ਤੇ ਕਹਿ ਸਕਦਾ ਹਾਂ ਕਿ ਲਗਭਗ 75 ਪ੍ਰਤੀਸ਼ਤ ਸਮੱਸਿਆਵਾਂ ਹੱਲ ਹੋ ਗਈਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ, ਅਸੀਂ ਅਜੇ ਵੀ ਕੁਝ ਕੰਮ ਕਰਨੇ ਹਨ ਪਰ ਇਸ ਤੋਂ ਵੀ ਵੱਡਾ ਮੁੱਦਾ ਇਹ ਹੈ ਕਿ ਅਸੀਂ ਦੋਵਾਂ ਨੇ ਆਪਣੀਆਂ ਫੌਜਾਂ ਨੂੰ ਇਕ-ਦੂਜੇ ਦੇ ਨੇੜੇ ਲਿਆਂਦਾ ਹੈ ਅਤੇ ਇਸ ਲਿਹਾਜ ਨਾਲ ਸਰਹੱਦ 'ਤੇ ਫੌਜੀਕਰਨ ਹੋ ਰਿਹਾ ਹੈ।

ਰਿਸ਼ਤੇ ਸੁਧਰ ਸਕਦੇ ਹਨ - ਵਿਦੇਸ਼ ਮੰਤਰੀ

ਇਸ ਦੌਰਾਨ ਵਿਦੇਸ਼ ਮੰਤਰੀ ਨੇ ਸੰਕੇਤ ਦਿੱਤਾ ਕਿ ਜੇਕਰ ਵਿਵਾਦ ਸੁਲਝ ਜਾਂਦਾ ਹੈ ਤਾਂ ਰਿਸ਼ਤੇ ਸੁਧਰ ਸਕਦੇ ਹਨ। ਉਨ੍ਹਾਂ ਕਿਹਾ, ਸਾਨੂੰ ਉਮੀਦ ਹੈ ਕਿ ਜੇਕਰ ਕੋਈ ਹੱਲ ਨਿਕਲਦਾ ਹੈ, ਸ਼ਾਂਤੀ ਅਤੇ ਸਦਭਾਵਨਾ ਦੀ ਵਾਪਸੀ ਹੁੰਦੀ ਹੈ ਤਾਂ ਅਸੀਂ ਹੋਰ ਸੰਭਾਵਨਾਵਾਂ 'ਤੇ ਵਿਚਾਰ ਕਰ ਸਕਦੇ ਹਾਂ। 

ਦੱਸ ਦੇਈਏ ਕਿ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਪੂਰਬੀ ਲੱਦਾਖ 'ਚ ਕੁਝ ਟਕਰਾਅ ਵਾਲੇ ਸਥਾਨਾਂ 'ਤੇ ਡੈੱਡਲਾਕ ਬਣਿਆ ਹੋਇਆ ਹੈ, ਜਦੋਂ ਕਿ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।