ਫਿਜ਼ੀਓਥੈਰੇਪਿਸਟਾਂ ਨੂੰ ਨਾਂ ਅੱਗੇ ਮੁੜ ‘ਡਾ.’ ਲਗਾਉਣ ਦੀ ਮਿਲੀ ਇਜਾਜ਼ਤ
ਸ਼ਰਤ ਇਹ ਹੋਵੇਗੀ ਕਿ ਨਾਮ ਦੇ ਨਾਲ ਪੀ.ਟੀ. (ਫਿਜ਼ੀਓਥੈਰੇਪਿਸਟ) ਦਾ ਜ਼ਿਕਰ ਹੋਵੇਗਾ ਲਾਜ਼ਮੀ
ਅਲੀਗੜ੍ਹ : ‘ਇੰਡੀਅਨ ਐਸੋਸੀਏਸ਼ਨ ਆਫ਼ ਫਿਜ਼ੀਓਥੈਰੇਪਿਸਟਸ’ ਦੇ ਜਨਰਲ ਸਕੱਤਰ ਡਾ. ਕੇ.ਕੇ. ਸ਼ਰਮਾ ਨੇ ਕਿਹਾ ਹੈ ਕਿ ਫਿਜ਼ੀਓਥੈਰੇਪਿਸਟ ਆਪਣੇ ਨਾਂ ਦੇ ਅੱਗੇ ‘ਡਾ.’ ਲਿਖ ਸਕਣਗੇ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ.) ਵਲੋਂ 9 ਸਤੰਬਰ ਨੂੰ ਜਾਰੀ ਕੀਤੇ ਗਏ ਇਕ ਹੁਕਮ ’ਚ ਫਿਜ਼ੀਓਥੈਰੇਪਿਸਟਾਂ ਨੂੰ ਉਨ੍ਹਾਂ ਦੇ ਨਾਮ ਦੇ ਅੱਗੇ ‘ਡਾ.’ ਲਿਖਣ ਤੋਂ ਰੋਕ ਦਿਤਾ ਗਿਆ ਸੀ। ਪਰ ਇਹ ਹੁਕਮ ਅਗਲੇ ਹੀ ਦਿਨ 10 ਸਤੰਬਰ ਨੂੰ ਵਾਪਸ ਲੈ ਲਿਆ ਗਿਆ। ਹੁਣ, ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥ ਕੇਅਰ ਪ੍ਰੋਫੈਸ਼ਨਸ ਦੀਆਂ ਹਦਾਇਤਾਂ ਅਨੁਸਾਰ, ਫਿਜ਼ੀਓਥੈਰੇਪਿਸਟ ਅਪਣੇ ਨਾਮ ਦੇ ਅੱਗੇ ‘ਡਾ.’ ਅਗੇਤਰ ਦੀ ਵਰਤੋਂ ਕਰ ਸਕਦੇ ਹਨ। ਸ਼ਰਤ ਇਹ ਹੋਵੇਗੀ ਕਿ ਨਾਮ ਦੇ ਨਾਲ ਪੀ.ਟੀ. (ਫਿਜ਼ੀਓਥੈਰੇਪਿਸਟ) ਦਾ ਜ਼ਿਕਰ ਲਾਜ਼ਮੀ ਹੋਵੇਗਾ। ਹੁਕਮ ਵਾਪਸ ਲੈਣ ਤੋਂ ਬਾਅਦ, ਫਿਜ਼ੀਓਥੈਰੇਪਿਸਟ ਡਾ. ਅਕਸ਼ੈ ਰਸਤੋਗੀ, ਡਾ. ਅਨੁਰਾਗ ਜਾਦੌਨ ਅਤੇ ਹੋਰਾਂ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਪੇਸ਼ੇ ਦੀ ਗਰਿਮਾ ਨੂੰ ਮਜ਼ਬੂਤ ਕਰਨ ਦਾ ਇੱਕ ਕਦਮ ਦੱਸਿਆ।