ਹਾਥਰਸ ਦੇ ਮੁਲਜਮਾਂ ਨੂੰ ਬਚਾ ਰਹੀ ਹੈ ਯੂ.ਪੀ ਸਰਕਾਰ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਥਰਸ ਦੇ ਮੁਲਜਮਾਂ ਨੂੰ ਬਚਾ ਰਹੀ ਹੈ ਯੂ.ਪੀ ਸਰਕਾਰ : ਰਾਹੁਲ ਗਾਂਧੀ

image


ਨਵੀਂ ਦਿੱਲੀ, 12 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਥਰਸ ਮਾਮਲੇ ਨੂੰ ਲੈ ਕੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਫਿਰ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਪੀੜਤਾ ਦੇ ਪਰਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਇਸ ਘਟਨਾ ਦੇ ਪੀੜਤ ਪੱਖ 'ਤੇ ਹਮਲਾ ਕੀਤਾ ਅਤੇ ਅਪਰਾਧੀਆਂ ਦੀ ਮਦਦ ਕੀਤੀ। ਪਾਰਟੀ ਵਲੋਂ 'ਸਪੀਕਅਪ ਫ਼ਾਰ ਵਿਮੈਨ ਸੇਫ਼ਟੀ' ਹੈਸ਼ਟੈਗ ਤੋਂ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮ ਦੇ ਅਧੀਨ ਵੀਡੀਉ ਜਾਰੀ ਕਰ ਕੇ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਔਰਤਾਂ ਨੂੰ ਨਿਆਂ ਦਿਵਾਉਣ ਲਈ ਲੋਕ ਸਰਕਾਰ 'ਤੇ ਦਬਾਅ ਬਣਾਉਣ। ਉਨ੍ਹਾਂ  ਦਾਅਵਾ ਕੀਤਾ ਕਿ ਸਰਕਾਰ ਪੀੜਤ ਪਰਵਾਰ ਦੀ ਮਦਦ ਕਰਨ ਦੀ ਬਜਾਏ ਅਪਰਾਧੀਆਂ ਦੀ ਰੱਖਿਆ ਕਰਨ 'ਚ ਲਗੀ ਹੈ।'' ਉਨ੍ਹਾਂ ਕਿਹਾ ਕਿ ਮੈਂ ਜਿਵੇਂ ਹੀ ਪਰਵਾਰ ਨੂੰ ਮਿਲਿਆ ਅਤੇ ਗੱਲਬਾਤ ਸ਼ੁਰੂ ਕੀਤੀ, ਉਸ ਤੋਂ ਬਾਅਦ ਸਰਕਾਰ ਨੇ ਪਰਵਾਰ 'ਤੇ ਹਮਲਾ ਸ਼ੁਰੂ ਕਰ ਦਿਤਾ।


     ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਮਦਦ ਕਰਨਾ ਸਰਕਾਰ ਦਾ ਕੰਮ ਨਹੀਂ ਹੁੰਦਾ, ਸਰਕਾਰ ਦਾ ਕੰਮ ਪੀੜਤਾਂ ਨੂੰ ਨਿਆਂ ਦੇਣ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦਾ ਹੁੰਦਾ ਹੈ। ਇਹ ਕੰਮ ਉੱਤਰ ਪ੍ਰਦੇਸ਼ ਸਰਕਾਰ ਨਹੀਂ ਕਰ ਰਹੀ। ਸਾਨੂੰ ਸਮਾਜ ਨੂੰ ਬਦਲਣਾ ਹੈ, ਕਿਉਂਕਿ ਸਾਡੀਆਂ ਮਾਂਵਾਂ ਅਤੇ ਭੈਣਾਂ ਨਾਲ ਇਸ ਸਮਾਜ 'ਚ ਜੋ ਕੀਤਾ ਜਾਂਦਾ ਹੈ, ਉਹ ਅਨਿਆਂ ਹੈ।''


     ਇਸ ਮੁਹਿੰਮ ਦੇ ਅਧੀਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ,''ਔਰਤਾਂ 'ਤੇ ਅਪਰਾਧ ਵਧ ਰਹੇ ਹਨ। ਇਸ ਵਿਚ ਪੀੜਤ ਔਰਤਾਂ ਦੀ ਸੱਚਾਈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਵਾਉਣਾ, ਉਨ੍ਹਾਂ 'ਤੇ ਦੋਸ਼ ਲਗਾਉਣਾ ਸਭ ਤੋਂ ਸ਼ਰਮਨਾਕ ਹਰਕਤ ਹੈ ਪਰ ਦੇਸ਼ ਦੀਆਂ ਔਰਤਾਂ ਹੁਣ ਚੁੱਪ ਨਹੀਂ ਰਹਿਣਗੀਆਂ।''

image


ਉਨ੍ਹਾਂ ਕਿਹਾ,''ਇਕ ਭੈਣ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਲੱਖਾਂ ਭੈਣਾਂ ਅਪਣੀ ਆਵਾਜ਼ ਬੁਲੰਦ ਕਰਨਗੀਆਂ। ਅਸੀਂ ਅਪਣੀ ਜ਼ਿੰਮੇਵਾਰੀ ਖ਼ੁਦ ਲੈ ਰਹੇ ਹਾਂ। ਹੁਣ ਔਰਤਾਂ ਨੂੰ ਹੀ ਸੁਰੱਖਿਆ ਦੀ ਜ਼ਿੰਮੇਵਾਰੀ ਚੁਕਣੀ ਹੋਵੇਗੀ।''


      ਮੁਹਿੰਮ ਦੇ ਅਧੀਨ ਵੀਡੀਉ ਜਾਰੀ ਕਰ ਕੇ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਕਿਹਾ,''ਦੇਸ਼ ਦੇ ਕਿਸੇ ਵੀ ਪ੍ਰਦੇਸ਼ 'ਚ ਜਬਰ ਜ਼ਿਨਾਹ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਦੁਖ ਹੁੰਦਾ ਹੈ। ਜਬਰ ਜ਼ਿਨਾਹ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਰਕਾਰ ਅਪਣੀ ਜ਼ਿੰਮੇਵਾਰੀ ਦਾ ਪਾਲਣ ਕਰੇ। ਹਾਥਰਸ ਦੇ ਮਾਮਲੇ 'ਚ ਯੂ.ਪੀ. ਸਰਕਾਰ ਨੇ ਪੀੜਤਾ ਨਾਲ ਅਜਿਹਾ ਸਲੂਕ ਕੀਤਾ, ਜੋ ਕਿ ਸ਼ਰਮਨਾਕ ਹੈ।''      

     
         ਕਾਂਗਰਸ ਦੇ ਕਈ ਹੋਰ ਨੇਤਾਵਾਂ ਨੇ ਇਸ ਮੁਹਿੰਮ ਦੇ ਅਧੀਨ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਹਾਥਰਸ ਦੀ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। (ਏਜੰਸੀ)

ਪੀੜਤ ਔਰਤਾਂ ਦੀ ਸਚਾਈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਵਾਉਣਾ, ਉਨ੍ਹਾਂ 'ਤੇ ਦੋਸ਼ ਲਗਾਉਣਾ ਸੱਭ ਤੋਂ ਸ਼ਰਮਨਾਕ ਹਰਕਤ ਹੈ : ਪ੍ਰਿਯੰਕਾ

image