Chennai-based IT company : ਚੇਨਈ ਸਥਿਤ ਕੰਪਨੀ ਨੇ ਮੁਲਾਜ਼ਮਾਂ ਨੂੰ 28 ਕਾਰਾਂ, 29 ਬਾਈਕ ਤੋਹਫ਼ੇ ਵਜੋਂ ਦਿਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਤੋਹਫ਼ੇ ਮੁਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਦਿਤੇ ਗਏ ਹਨ

Chennai-based IT company

Chennai-based IT company : ਢਾਂਚਾਗਤ ਸਟੀਲ ਡਿਜ਼ਾਈਨ ਅਤੇ ਡਿਟੇਲਿੰਗ ਕੰਪਨੀ ‘ਟੀਮ ਡਿਟੇਲਿੰਗ ਸਲਿਊਸ਼ਨਜ਼’ ਨੇ ਅਪਣੇ ਮੁਲਾਜ਼ਮਾਂ ਨੂੰ 28 ਕਾਰਾਂ ਅਤੇ 29 ਬਾਈਕ ਤੋਹਫ਼ੇ ਵਜੋਂ ਦਿਤੀਆਂ ਹਨ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਤੋਹਫ਼ੇ ਮੁਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਦਿਤੇ ਗਏ ਹਨ।

ਅਧਿਕਾਰੀ ਨੇ ਦਸਿਆ ਕਿ ਕਰਮਚਾਰੀਆਂ ਨੂੰ ਹੁੰਡਈ, ਟਾਟਾ, ਮਾਰੂਤੀ ਸੁਜ਼ੂਕੀ ਅਤੇ ਮਰਸਿਡੀਜ਼ ਬੇਂਜ਼ ਵਰਗੀਆਂ ਕਈ ਨਵੀਆਂ ਕਾਰਾਂ ਤੋਹਫ਼ੇ ਵਜੋਂ ਦਿਤੀਆਂ ਗਈਆਂ।

ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸ੍ਰੀਧਰ ਕੰਨਲ ਨੇ ਕਿਹਾ, ‘‘ਅਸੀਂ ਕੰਪਨੀ ਦੀ ਸਫਲਤਾ ’ਚ ਉਨ੍ਹਾਂ (ਮੁਲਾਜ਼ਮਾਂ) ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਨਾ ਚਾਹੁੰਦੇ ਸੀ। ਸਾਡਾ ਮੰਨਣਾ ਹੈ ਕਿ ਸਾਡੇ ਮੁਲਾਜ਼ਮ ਸਾਡੀ ਸੱਭ ਤੋਂ ਵੱਡੀ ਸੰਪਤੀ ਹਨ।’’

ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਨੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ, ਸੇਵਾ ਦੇ ਸਾਲਾਂ ਦੇ ਆਧਾਰ ’ਤੇ  ਉਨ੍ਹਾਂ ਦੇ ਯੋਗਦਾਨ ਨੂੰ ਮਾਪਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਮੁਲਾਜ਼ਮਾਂ ਨੇ ਬੇਮਿਸਾਲ ਵਚਨਬੱਧਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ, ਅਤੇ ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ’ਤੇ  ਮਾਣ ਹੈ।’’

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੰਨਨ ਨੇ ਕਿਹਾ ਕਿ ਕੰਪਨੀ ਦੇ ਲਗਭਗ 180 ਮੁਲਾਜ਼ਮਾਂ ਹਨ ਜੋ ਆਮ ਪਿਛੋਕੜ ਤੋਂ ਆਉਂਦੇ ਹਨ ਅਤੇ ਬਹੁਤ ਹੁਨਰਮੰਦ ਹਨ।

ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਉਮੀਦਵਾਰਾਂ ਦੀ ਚੋਣ ਕਰਦੇ ਹਾਂ ਜੋ ਬਹੁਤ ਪ੍ਰੇਰਿਤ ਹੁੰਦੇ ਹਨ ਅਤੇ ਉਨ੍ਹਾਂ ਲਈ ਕਾਰ ਜਾਂ ਬਾਈਕ ਖਰੀਦਣਾ ਇਕ  ਸੁਪਨੇ ਵਾਂਗ ਹੈ। ਅਸੀਂ ਮੁਲਾਜ਼ਮਾਂ ਨੂੰ ਬਾਈਕ ਤੋਹਫ਼ੇ ਵਜੋਂ ਦੇ ਰਹੇ ਹਾਂ ਅਤੇ 2022 ’ਚ, ਅਸੀਂ ਅਪਣੇ  ਦੋ ਸੀਨੀਅਰ ਸਹਿਕਰਮੀਆਂ ਨੂੰ ਕਾਰਾਂ ਤੋਹਫ਼ੇ ਵਜੋਂ ਦਿਤੀਆਂ ਸਨ। ਅਸੀਂ ਅੱਜ 28 ਕਾਰਾਂ ਤੋਹਫ਼ੇ ਵਜੋਂ ਦਿਤੀਆਂ। ਇਨ੍ਹਾਂ ’ਚ ਮਾਰੂਤੀ ਸੁਜ਼ੂਕੀ, ਹੁੰਡਈ, ਮਰਸਿਡੀਜ਼ ਬੇਂਜ਼ ਵੀ ਸ਼ਾਮਲ ਹਨ।’’

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੰਪਨੀ ਇਕ ਨਿਸ਼ਚਿਤ ਰਕਮ ਨਾਲ ਕਾਰ ਜਾਂ ਬਾਈਕ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਨੂੰ ਕੰਪਨੀ ਵਲੋਂ  ਚੁਣੀ ਗਈ ਕਾਰ ਨਾਲੋਂ ਬਿਹਤਰ ਗੱਡੀ ਦੀ ਜ਼ਰੂਰਤ ਹੈ ਤਾਂ ਉਸ ਨੂੰ ਬਾਕੀ ਰਕਮ ਦਾ ਭੁਗਤਾਨ ਖ਼ੁਦ ਕਰਨਾ ਪਵੇਗਾ।

ਕਾਰਾਂ ਤੋਹਫ਼ੇ ਵਜੋਂ ਦੇਣ ਤੋਂ ਇਲਾਵਾ, ਕੰਪਨੀ ਮੁਲਾਜ਼ਮਾਂ ਨੂੰ ਵਿਆਹ ਸਹਾਇਤਾ ਵਜੋਂ ਫੰਡ ਵੀ ਪ੍ਰਦਾਨ ਕਰ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਜੇ ਕਿਸੇ ਸਹਿਕਰਮੀ ਦਾ ਵਿਆਹ ਹੋ ਰਿਹਾ ਸੀ, ਤਾਂ ਅਸੀਂ ਉਨ੍ਹਾਂ ਨੂੰ ਵਿਆਹ ਸਹਾਇਤਾ ਵਜੋਂ 50,000 ਰੁਪਏ ਦਿੰਦੇ ਸੀ। ਹੁਣ ਅਸੀਂ ਇਸ ਸਾਲ ਤੋਂ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿਤਾ ਹੈ।’