ਕਾਲੀ ਮੰਦਰ ’ਚ ਚੋਰੀ ਅਤੇ ਹਿੰਦੂ ਮੰਦਰਾਂ ਦੀ ਬੇਅਦਬੀ ਦਾ ਮਾਮਲਾ, ਭਾਰਤ ਨੇ ਬੰਗਲਾਦੇਸ਼ ’ਚ ‘ਨਿੰਦਣਯੋਗ’ ਘਟਨਾਵਾਂ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

‘‘ਅਸੀਂ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ

Hindu temples in Bangladesh

Hindu temples in Bangladesh : ਬੰਗਲਾਦੇਸ਼ ਦੇ ਇਕ ਮੰਦਰ ਤੋਂ ਦੇਵੀ ਕਾਲੀ ਦਾ ਮੁਕੁਟ ਚੋਰੀ ਹੋਣ ਤੋਂ ਇਕ ਦਿਨ ਬਾਅਦ ਭਾਰਤ ਨੇ ਗੁਆਂਢੀ ਦੇਸ਼ ਵਿਚ ਹਿੰਦੂ ਮੰਦਰਾਂ ਅਤੇ ਦੇਵੀ-ਦੇਵਤਿਆਂ ਦੀ ਲਗਾਤਾਰ ਹੋ ਰਹੀ ਬੇਅਦਬੀ ਅਤੇ ਨੁਕਸਾਨ ’ਤੇ  ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।

ਵਿਦੇਸ਼ ਮੰਤਰਾਲੇ ਨੇ ਸਨਿਚਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਅਸੀਂ ਢਾਕਾ ਦੇ ਤੰਤੀਬਾਜ਼ਾਰ ’ਚ ਪੂਜਾ ਮੰਡਪ ’ਤੇ  ਹੋਏ ਹਮਲੇ ਅਤੇ ਸੱਤਖੀਰਾ ’ਚ ਪੂਜਨੀਕ ਜੇਸ਼ੋਰੇਸ਼ਵਰੀ ਕਾਲੀ ਮੰਦਰ ’ਚ ਹੋਈ ਚੋਰੀ ਨੂੰ ਗੰਭੀਰ ਚਿੰਤਾ ਨਾਲ ਵੇਖਦੇ ਹਾਂ। ਇਹ ਨਿੰਦਣਯੋਗ ਘਟਨਾਵਾਂ ਹਨ। ਹਮਲਾਵਰ ਮੰਦਰਾਂ ਅਤੇ ਦੇਵੀ-ਦੇਵਤਿਆਂ ਦੀ ਬੇਅਦਬੀ ਅਤੇ ਨੁਕਸਾਨ ਦੇ ਯੋਜਨਾਬੱਧ ਤਰੀਕੇ ਨਾਲ ਚਲਾ ਰਹੇ ਹਨ, ਜੋ ਅਸੀਂ ਕਈ ਦਿਨਾਂ ਤੋਂ ਵੇਖ ਰਹੇ ਹਾਂ।’’

ਬਿਆਨ ’ਚ ਕਿਹਾ ਗਿਆ, ‘‘ਅਸੀਂ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ, ਖ਼ਾਸਕਰ ਇਸ ਸ਼ੁਭ ਤਿਉਹਾਰ ਦੇ ਸਮੇਂ ਦੌਰਾਨ।’’

ਮੁਕੁਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021 ’ਚ ਅਪਣੀ ਬੰਗਲਾਦੇਸ਼ ਯਾਤਰਾ ਦੌਰਾਨ ਸੱਤਖੀਰਾ ਵਿਖੇ ਜੇਸ਼ੋਰੇਸ਼ਵਰੀ ਕਾਲੀ ਮੰਦਰ ’ਚ ਚੜ੍ਹਾਇਆ ਸੀ। ਇਹ ਮੰਦਰ ਭਾਰਤ ਅਤੇ ਗੁਆਂਢੀ ਦੇਸ਼ਾਂ ’ਚ ਫੈਲੇ 51 ਸ਼ਕਤੀ ਪੀਠਾਂ ’ਚੋਂ ਇਕ ਵਜੋਂ ਸਤਿਕਾਰਿਆ ਜਾਂਦਾ ਹੈ।

ਬੰਗਲਾਦੇਸ਼ ’ਚ ਭਾਰਤ ਦੇ ਹਾਈ ਕਮਿਸ਼ਨ ਨੇ ਸ਼ੁਕਰਵਾਰ ਨੂੰ ਕਿਹਾ ਸੀ, ‘‘ਅਸੀਂ ਪ੍ਰਧਾਨ ਮੰਤਰੀ ਮੋਦੀ ਵਲੋਂ 2021 ’ਚ ਬੰਗਲਾਦੇਸ਼ ਦੌਰੇ ਦੌਰਾਨ ਜੈਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਨੂੰ ਤੋਹਫ਼ੇ ’ਚ ਦਿਤਾ ਗਿਆ ਤਾਜ ਚੋਰੀ ਹੋਣ ਦੀਆਂ ਰੀਪੋਰਟਾਂ ਦੇਖੀਆਂ ਹਨ। ਅਸੀਂ ਡੂੰਘੀ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਚੋਰੀ ਦੀ ਜਾਂਚ ਕਰਨ, ਤਾਜ ਬਰਾਮਦ ਕਰਨ ਅਤੇ ਦੋਸ਼ੀਆਂ ਵਿਰੁਧ  ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।’’

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 5 ਅਗੱਸਤ  ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ’ਚ ਢਾਕਾ ’ਚ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਮੁੱਖ ਸਾਜ਼ਸ਼ਕਰਤਾ ਜਮਾਤ-ਏ-ਇਸਲਾਮੀ ਦੇ ਕੁੱਝ ਕੱਟੜਪੰਥੀ ਇਸਲਾਮਿਕ ਹਨ ਜੋ ਬੰਗਲਾਦੇਸ਼ ਨੂੰ ਸ਼ਰੀਆ ਸ਼ਾਸਿਤ ਦੇਸ਼ ਬਣਾਉਣਾ ਚਾਹੁੰਦੇ ਹਨ।

ਹਾਲਾਂਕਿ ਅੰਤਰਿਮ ਸਰਕਾਰ ਵਿਚ ਧਾਰਮਕ ਮਾਮਲਿਆਂ ਦੇ ਸਲਾਹਕਾਰ ਅਬੁਲ ਫੈਜ਼ ਮੁਹੰਮਦ ਖਾਲਿਦ ਹੁਸੈਨ ਨੇ ਭਰੋਸਾ ਦਿਤਾ ਸੀ ਕਿ ਜੋ ਲੋਕ ਅਜਿਹੇ ਘਿਨਾਉਣੇ ਕੰਮਾਂ ਦੇ ਦੋਸ਼ੀ ਪਾਏ ਜਾਣਗੇ, ਉਨ੍ਹਾਂ ਨੂੰ ਮੌਜੂਦਾ ਸ਼ਾਸਨ ਵਲੋਂ ਸਜ਼ਾ ਦਿਤੀ  ਜਾਵੇਗੀ, ਪਰ ਪਿਛਲੇ ਕੁੱਝ  ਹਫਤਿਆਂ ਵਿਚ ਹਿੰਦੂਆਂ ’ਤੇ  ਹਮਲੇ ਸਿਰਫ ਵਧੇ ਹਨ।