ਅਫਗਾਨਿਸਤਾਨ ਬਾਹਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ: ਅਫਗਾਨ ਵਿਦੇਸ਼ ਮੰਤਰੀ
“ਪਾਕਿਸਤਾਨ ਨਾਲ ਚੱਲ ਰਹੇ ਸੰਘਰਸ਼ ਦਾ ਅਫਗਾਨਿਸਤਾਨ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ”
ਨਵੀਂ ਦਿੱਲੀ: ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਚੱਲ ਰਹੇ ਸੰਘਰਸ਼ ਦਾ ਅਫਗਾਨਿਸਤਾਨ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ ਪਰ ਜੇਕਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ ਤਾਂ ਉਸ ਕੋਲ ਹੋਰ ਤਰੀਕੇ ਵੀ ਹਨ।
ਵੀਰਵਾਰ ਨੂੰ ਕਾਬੁਲ ’ਚ ਪਾਕਿਸਤਾਨੀ ਹਵਾਈ ਹਮਲੇ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਤਾਜ਼ਾ ਝੜਪ ਸ਼ੁਰੂ ਹੋਣ ਉਤੇ ਭਾਰਤ ਦੇ ਛੇ ਦਿਨਾਂ ਦੌਰੇ ਉਤੇ ਰਹਿਣ ਵਾਲੇ ਮੁਤਾਕੀ ਨੇ ਕਿਹਾ ਕਿ ਸਥਿਤੀ ਕਾਬੂ ’ਚ ਹੈ ਅਤੇ ਉਨ੍ਹਾਂ ਦਾ ਦੇਸ਼ ਅਪਣੀ ਪ੍ਰਭੂਸੱਤਾ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰੇਗਾ।
ਪਾਕਿਸਤਾਨੀ ਕਾਰਵਾਈ ਦੇ ਬਦਲੇ ’ਚ, ਅਫਗਾਨ ਫੌਜਾਂ ਨੇ ਸਨਿਚਰਵਾਰ ਰਾਤ ਨੂੰ ਦੋਹਾਂ ਗੁਆਂਢੀਆਂ ਵਿਚਕਾਰ ਸਰਹੱਦ ਦੇ ਨਾਲ ਕਈ ਪਾਕਿਸਤਾਨੀ ਫੌਜੀ ਚੌਕੀਆਂ ਉਤੇ ਹਮਲਾ ਕੀਤਾ, ਜਿਸ ਨਾਲ ਵਿਆਪਕ ਟਕਰਾਅ ਦਾ ਖਦਸ਼ਾ ਪੈਦਾ ਹੋ ਗਿਆ। ਤਾਲਿਬਾਨ ਦੇ ਇਕ ਬੁਲਾਰੇ ਨੇ ਕਾਬੁਲ ਵਿਚ ਕਿਹਾ ਕਿ ਅਫਗਾਨ ਫੌਜਾਂ ਨੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ਉਤੇ ਕਬਜ਼ਾ ਕਰ ਲਿਆ ਹੈ ਅਤੇ ਲੜਾਈ ਵਿਚ 58 ਪਾਕਿਸਤਾਨੀ ਫ਼ੌਜੀਆਂ ਨੂੰ ਮਾਰ ਦਿਤਾ ਹੈ।
ਮੁਤਾਕੀ ਨੇ ਨਵੀਂ ਦਿੱਲੀ ਵਿਚ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ, ‘‘ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਨੀਤੀ ਵਿਚਾਰ-ਵਟਾਂਦਰੇ ਅਤੇ ਸਮਝ ਵਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅਸੀਂ ਤਣਾਅ ਨਹੀਂ ਚਾਹੁੰਦੇ ਅਤੇ ਜੇ ਉਹ ਅਜਿਹਾ ਨਹੀਂ ਚਾਹੁੰਦੇ ਤਾਂ ਅਫਗਾਨਿਸਤਾਨ ਕੋਲ ਹੋਰ ਸਾਧਨ ਹਨ।’’
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਲੋਕਾਂ ਅਤੇ ਸਿਆਸਤਦਾਨਾਂ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਉਨ੍ਹਾਂ ਕਿਹਾ ਕਿ ਉਸ ਦੇਸ਼ ਦੇ ਕੁੱਝ ਤੱਤ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਤਾਲਿਬਾਨ ਸ਼ਾਸਨ ਉਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅਤਿਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾ ਰਿਹਾ ਹੈ ਅਤੇ ਦੇਸ਼ ਦੇ ਅੰਦਰ ਕਈ ਹਮਲਿਆਂ ਲਈ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਾਬੁਲ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿਤਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਪਾਕਿਸਤਾਨੀ ਲੋਕਾਂ ਅਤੇ ਸਿਆਸਤਦਾਨਾਂ ਨਾਲ ਕੋਈ ਮੁਸ਼ਕਲ ਨਹੀਂ ਹੈ। ਪਾਕਿਸਤਾਨ ’ਚ ਕੁੱਝ ਖਾਸ ਤੱਤ ਹਨ ਜੋ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।’’
ਉਨ੍ਹਾਂ ਕਿਹਾ, ‘‘ਅਫਗਾਨਿਸਤਾਨ ਅਪਣੇ ਖੇਤਰ ਅਤੇ ਹਵਾਈ ਖੇਤਰ ਦੀ ਸੁਰੱਖਿਆ ਬਣਾਈ ਰੱਖੇਗਾ। ਉਲੰਘਣਾਵਾਂ ਹੋਈਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਤੁਰਤ ਜਵਾਬ ਦਿਤੇ ਹਨ। ਰਾਤ ਨੂੰ, ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿਚ ਅਸੀਂ ਅਪਣੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ।’’ ਮੁਤਾਕੀ ਨੇ ਕਿਹਾ ਕਿ ਅਫਗਾਨਿਸਤਾਨ ਕੋਲ ਅਪਣੇ ਖੇਤਰ ਅਤੇ ਹਵਾਈ ਖੇਤਰ ਦੀ ਰੱਖਿਆ ਕਰਨ ਦੀ ਸਮਰੱਥਾ ਹੈ, ਕਾਬੁਲ ਗੱਲਬਾਤ ਅਤੇ ਸਮਝ ਰਾਹੀਂ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਇਕ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਸਾਡੇ ਅੰਦਰ ਮਤਭੇਦ ਹੋਣ, ਪਰ ਜਦੋਂ ਬਾਹਰੀ ਦਖਲਅੰਦਾਜ਼ੀ ਦਾ ਮੁੱਦਾ ਆਉਂਦਾ ਹੈ ਤਾਂ ਸਾਰੇ ਅਫਗਾਨ ਲੋਕ, ਸਰਕਾਰ ਅਤੇ ਮੌਲਵੀ ਇਸ ਦਾ ਮੁਕਾਬਲਾ ਕਰਨ ਅਤੇ ਦੇਸ਼ ਦੀ ਰੱਖਿਆ ਕਰਨ ਲਈ ਇਕਜੁੱਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਸਾਡੇ ਲੋਕ ਅਤੇ ਸਰਕਾਰ ਇਕਜੁੱਟ ਹੋ ਕੇ ਦੇਸ਼ ਦੀ ਰੱਖਿਆ ਕਰਨਗੇ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕਤਰ ਅਤੇ ਸਾਊਦੀ ਅਰਬ ਸਮੇਤ ਕਈ ਮਿੱਤਰ ਦੇਸ਼ਾਂ ਨੇ ਕਾਬੁਲ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਲੜਾਈ ਬੰਦ ਹੋਣੀ ਚਾਹੀਦੀ ਹੈ।