Operation Blue Star ਇਕ ਗਲਤ ਰਾਹ ਸੀ : ਪੀ ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਇੰਦਰਾ ਗਾਂਧੀ ਨੇ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ

Operation Blue Star was a wrong path: P Chidambaram

ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਇੱਕ ਬਹੁਤ ਵੱਡੀ ਗਲਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਦੀ ਕੀਮਤ ਆਪਣੀ ਜਾਨ ਨਾਲ ਚੁਕਾਈ। ਚਿਦੰਬਰਮ ਨੇ ਕਿਹਾ ਕਿ 1984 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਇੱਕ ਗਲਤੀ ਸੀ। ਉਸ ਗਲਤੀ ਦੀ ਕੀਮਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਨਾਲ ਚੁਕਾਈ।

ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਇਹ ਗੱਲ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਖੁਸ਼ਵੰਤ ਸਿੰਘ ਸਾਹਿਤ ਉਤਸਵ ਵਿੱਚ ਕਹੀ, ਜਿੱਥੇ ਉਹ ਪੱਤਰਕਾਰ ਹਰਿੰਦਰ ਬਾਵੇਜਾ ਦੀ ਕਿਤਾਬ ‘ਦੇ ਵਿਲ ਸ਼ੂਟ ਯੂ, ਮੈਡਮ’ ’ਤੇ ਚਰਚਾ ਦਾ ਸੰਚਾਲਨ ਕਰ ਰਹੇ ਸਨ। ਚਿਦੰਬਰਮ ਬਾਵੇਜਾ ਦੇ ਉਸ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਦੇ ਫੈਸਲੇ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ।
ਚਿਦੰਬਰਮ ਨੇ ਅੱਗੇ ਕਿਹਾ ਕਿ ਮੇਰਾ ਮਤਲਬ ਕਿਸੇ ਫੌਜੀ ਅਧਿਕਾਰੀ ਦਾ ਅਪਮਾਨ ਕਰਨਾ ਨਹੀਂ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਨੂੰ ਮੁੜ ਹਾਸਲ ਕਰਨ ਦਾ ਇਹ ਇਕ ਗਲਤ ਤਰੀਕਾ ਸੀ। ਕੁਝ ਸਾਲ ਬਾਅਦ ਅਸੀਂ ਫੌਜ ਨੂੰ ਬਾਹਰ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਹੀ ਤਰੀਕੇ ਰਾਹੀਂ ਫਿਰ ਤੋਂ ਹਾਸਲ ਕਰ ਲਿਆ। ਆਪਰੇਸ਼ਨ ਬਲੂ ਸਟਾਰ ਇੱਕ ਗਲਤ ਕਾਰਵਾਈ ਸੀ ਹਾਲਾਂਕਿ ਇਹ ਕਾਰਵਾਈ ਫੌਜ, ਪੁਲਿਸ, ਖੁਫੀਆ ਅਤੇ ਸਿਵਲ ਸੇਵਾ ਦਾ ਸਾਂਝਾ ਫੈਸਲਾ ਸੀ। ਇਸ ਦੇ ਲਈ ਇਕੱਲੇ ਇੰਦਰਾ ਗਾਂਧੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਕਿਤਾਬ ’ਤੇ ਚਰਚਾ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ‘ਅਸਲੀ ਸਮੱਸਿਆ’ ਉਸਦੀ ਆਰਥਿਕ ਸਥਿਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੇਰੇ ਦੌਰਿਆਂ ਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਖਾਲਿਸਤਾਨ ਅਤੇ ਵੱਖਵਾਦ ਦਾ ਰਾਜਨੀਤਿਕ ਨਾਅਰਾ ਲਗਭਗ ਸ਼ਾਂਤ ਹੋ ਗਿਆ ਹੈ ਅਤੇ ਅਸਲੀ ਸਮੱਸਿਆ ਆਰਥਿਕ ਸਥਿਤੀ ਹੈ।

ਓਪਰੇਸ਼ਨ ਬਲੂ ਸਟਾਰ ਦੇ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ’ਚ ਕੱਟੜਵਾਦ ਤੇਜ਼ੀ ਨਾਲ ਫੈਲ ਗਿਆ। ਇਸ ਤੋਂ ਬਾਅਦ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਇੰਦਰਾ ਗਾਂਧੀ ਇੰਟਰਵਿਊ ਲਈ ਤਿਆਰ ਹੋ ਕੇ ਆਪਣੀ ਰਿਹਾਇਸ਼ 1 ਸਫਦਰਜੰਗ ਰੋਡ ਤੋਂ ਨੇੜਲੇ ਦਫ਼ਤਰ 1 ਅਕਬਰ ਰੋਡ ’ਤੇ ਜਾਣ ਲਈ ਨਿਕਲੀ। ਗੇਟ ’ਤੇ ਹੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਐਸਆਈ ਬੇਅੰਤ ਸਿੰਘ ਅਤੇ ਸੰਤਰੀ ਬੂਥ ’ਤੇ ਕਾਂਸਟੇਬਲ ਸਤਵੰਤ ਸਿੰਘ ਮੌਜੂਦ ਸਨ। ਸਤਵੰਤ ਸਿੰਘ ਦੇ ਹੱਥ ਵਿਚ ਸਟੇਨਗੰਨ ਅਤੇ ਬੇਅੰਤ Çਸਿੰਘ ਦੇ ਹੱਥ ’ਚ.38 ਬੋਰ ਦੀ ਸਰਕਾਰੀ ਰਿਵਾਲਵਰ ਸੀ। ਇੰਦਰਾ ਗਾਂਧੀ ਦੇ ਨਿਕਲਦੇ ਹੀ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਉਨ੍ਹਾਂ ’ਤੇ ਕਈ ਗੋਲੀਆਂ ਚਲਾਈਆਂ। ਬੇਅੰਤ ਸਿੰਘ ਨੇ ਪੰਜ ਗੋਲੀਆਂ ਮਾਰੀਆਂ ਜਦਦਕਿ ਸਤਵੰਤ ਸਿੰਘ ਨੇ ਸਟੇਨਗੰਨ ਤੋਂ 25 ਗੋਲੀਆਂ ਚਲਾਈਆਂ।