ਸਰਕਾਰ ਨੇ ਫਰਾਂਸ ਤੋਂ ਖਰੀਦੇ ਰਾਫੇਲ ਜਹਾਜ਼ਾਂ ਸਬੰਧੀ ਦਸਤਾਵੇਜ ਸੁਪਰੀਮ ਕੋਰਟ ਨੂੰ ਸੌਂਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ 36 ਰਾਫੇਲ ਜਹਾਜ਼ਾਂ ਦੀ ਖਰੀਦ ਦੇ ਸਬੰਧ ਵਿਚ ਕੀਤੇ ਗਏ ਫੈਸਲੇ ਦੇ ਵੇਰਵੇ ਵਾਲੇ ਦਸਤਾਵੇਜ ਪਟੀਸ਼ਨਕਰਤਾਵਾਂ ਨੂੰ ਸੌਂਪ ਦਿਤੇ ਹਨ

Supreme Court

ਨਵੀਂ ਦਿੱਲੀ , ( ਪੀਟੀਆਈ ) : ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ 36 ਰਾਫੇਲ ਜਹਾਜ਼ਾਂ ਦੀ ਖਰੀਦ ਦੇ ਸਬੰਧ ਵਿਚ ਕੀਤੇ ਗਏ ਫੈਸਲੇ ਦੇ ਵੇਰਵੇ ਵਾਲੇ ਦਸਤਾਵੇਜ ਪਟੀਸ਼ਨਕਰਤਾਵਾਂ ਨੂੰ ਸੌਂਪ ਦਿਤੇ ਹਨ। ਇਨ੍ਹਾਂ ਦਸਤਾਵੇਜਾਂ ਮੁਤਾਬਕ ਰਾਫੇਲ ਜਹਾਜ਼ਾਂ ਦੀ ਖਰੀਦ ਵਿਚ ਰੱਖਿਆ ਖਰੀਦ ਪ੍ਰਕਿਰਿਆ-2013 ਵਿਚ ਨਿਰਧਾਰਤ ਪ੍ਰਕਿਰਿਆ ਦਾ ਪਾਲਨ ਕੀਤਾ ਗਿਆ ਹੈ। ਜਹਾਜ ਦੇ ਲਈ ਰੱਖਿਆ ਪਰਿਸ਼ਦ ਤੋਂ ਮੰਜੂਰੀ ਲਈ ਗਈ ਹੈ ਅਤੇ ਭਾਰਤੀ ਦਲ ਨੇ ਫਰਾਂਸੀਸੀ ਪੱਖ ਦੇ ਨਾਲ ਗੱਲਬਾਤ ਕੀਤੀ। ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ

ਕਿ ਫਰਾਂਸੀਸੀ ਪੱਖ ਦੇ ਨਾਲ ਗੱਲਬਾਤ ਲਗਭਗ ਇਕ ਸਾਲ ਚਲੀ ਅਤੇ ਸਮਝੌਤੇ ਤੇ ਹਸਤਾਖਰ ਕਰਨ ਤੋਂ ਪਹਿਲਾਂ ਮੰਤਰੀਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਤੋਂ ਮੰਜੂਰੀ ਲਈ ਗਈ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 31 ਅਕਤੂਬਰ ਨੂੰ ਸੁਣਵਾਈ ਦੌਰਾਨ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦ ਤੇ ਕੇਂਦਰ ਸਰਕਾਰ ਤੋਂ ਵੇਰਵੇ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਐਨਡੀਏ ਸਰਕਾਰ ਨੂੰ ਕਿਹਾ ਸੀ ਕਿ ਉਹ 10 ਦਿਨਾਂ ਦੇ ਅੰਦਰ ਰਾਫੇਲ ਲੜਾਕੂ ਜਹਾਂਜਾਂ ਨਾਲ ਜੁੜੇ ਵੇਰਵੇ ਬੰਦ ਲਿਫਾਫੇ ਵਿਚ ਸੌਂਪੇ।

ਸਰਕਾਰ ਵੱਲੋਂ ਅਟਾਰਨੀ ਜਨਰਲ ਕੇਕੇ ਵੇਣੁਗੋਪਾਲ ਨੇ ਅਦਾਲਤ ਨੂੰ ਕਿਹਾ ਸੀ ਕਿ ਸਰਕਾਰ ਵੱਲੋਂ ਅਦਾਲਤ ਨੂੰ ਕੀਮਤਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਸੰਭਵ ਨਹੀਂ ਹੋਵੇਗਾ ਕਿਉਂਕਿ ਇਹ ਜਾਣਕਾਰੀ ਸੰਸਦ ਵਿਚ ਵੀ ਨਹੀਂ ਦਿਤੀ ਗਈ ਹੈ। ਕੋਰਟ ਨੇ ਕੇਂਦਰ ਨੂੰ ਕਿਹਾ ਸੀ ਕਿ ਜਿਹੜੀਆਂ ਸੂਚਨਾਵਾਂ ਜਨਤਕ ਕੀਤੀਆਂ ਜਾ ਸਕਦੀਆਂ ਹਨ ਕੇਂਦਰ ਉਨ੍ਹਾਂ ਨੂੰ ਪਟੀਸ਼ਨਕਰਤਾਵਾਂ ਦੇ ਨਾਲ ਸਾਂਝਾ ਕਰੇ। ਡੀਲ ਦੇ ਸਵਾਲ ਚੁੱਕਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸਿਖਰ ਅਦਾਲਤ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਰਾਫੇਲ ਖਰੀਦ ਤੇ

ਨੀਤੀਗਤ ਪ੍ਰਕਿਰਿਆ ਨਾਲ ਜੁੜੇ ਵੇਰਵੇ ਨੂੰ ਸੌਂਪਣ ਦਾ ਹੁਕਮ ਦਿਤਾ ਸੀ। ਪਰ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਿਚ ਮਾਮਲੇ ਦੀ ਸੁਣਵਾਈ ਕਰ ਰਹੀ ਤਿੰਨ ਮੈਂਬਰੀ ਬੈਂਚ ਨੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਉਹ ਸੂਚਨਾ ਦੇ ਤੌਰ ਤੇ ਜਾਣਕਾਰੀ ਮੰਗ ਰਹੇ ਹਨ। ਸੁਪਰੀਮ ਕੋਰਟ ਉਨਾਂ ਦੋ ਜਨਹਿਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ ਜਿਸ ਵਿਚ ਇਕ ਵਿਚ ਇਹ ਮੰਗ ਕੀਤੀ ਗਈ ਸੀ ਕਿ 36 ਲੜਾਕੂ ਰਾਫੇਲ ਜਹਾਜਾਂ ਨੂੰ ਫਰਾਂਸ ਤੋਂ ਖਰੀਦਣ ਲਈ ਭਾਰਤ ਨੇ ਜੋ ਸਮਝੌਤੇ ਕੀਤੇ ਉਸ ਦਾ ਪੂਰਾ ਵੇਰਵਾ ਦਿਤਾ ਜਾਵੇ ਅਤੇ ਦੂਜੀ ਵਿਚ ਸਿਖਰ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਦਲ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ।