ਮੁਜੱਫਰਪੁਰਰ ਕੇਸ : ਮੰਜੂ ਵਰਮਾ ਦੀ ਫ਼ਰਾਰੀ ਤੋਂ ਸੁਪਰੀਮ ਕੋਰਟ ਨਾਰਾਜ਼, ਪੁਲਿਸ ਨੂੰ ਲਗਾਈ ਫਟਕਾਰ
ਬਿਹਾਰ ਪੁਲਿਸ ਹੁਣ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਇਸ ਤੇ ਸੁਪਰੀਮ ਕੋਰਟ ਨੇ ਬਿਹਾਰ ਪੁਲਿਸ ਲਈ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਹਨ।
ਮੁਜੱਫਰਪੁਰ , ( ਪੀਟੀਆਈ ) : ਮੁਜੱਫਰਪੁਰ ਕਾਂਡ ਮਾਮਲੇ ਵਿਚ ਸਾਬਕਾ ਮੰਤਰੀ ਮੰਜੂ ਵਰਮਾ ਦੀ ਗ੍ਰਿਫਤਾਰੀ ਤੇ ਕਾਮਯਾਬੀ ਨਾ ਮਿਲਣ ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪੁਲਿਸ ਨੂੰ ਫਟਕਾਰ ਲਗਾਈ ਹੈ। ਬਿਹਾਰ ਦੀ ਨੀਤਿਸ਼ ਸਰਕਾਰ ਵਿਚ ਮੰਤਰੀ ਰਹਿ ਚੁੱਕੀ ਵਰਮਾ ਦੇ ਘਰ ਤੋਂ ਸੀਬੀਆਈ ਨੇ ਛਾਪੇਮਾਰੀ ਦੌਰਾਨ ਹਥਿਆਰ ਬਰਾਮਦ ਕੀਤੇ ਸਨ। ਹਾਲਾਂਕਿ ਬਿਹਾਰ ਪੁਲਿਸ ਹੁਣ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਇਸ ਤੇ ਸੁਪਰੀਮ ਕੋਰਟ ਨੇ ਬਿਹਾਰ ਪੁਲਿਸ ਲਈ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਹਨ।
ਕੋਰਟ ਨੇ ਅਗਲੀ ਸੁਣਵਾਈ ਤੱਕ ਡੀਜੀਪੀ ਨੂੰ ਤਲਬ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 27 ਨਵੰਬਰ ਨੂੰ ਹੋਵੇਗੀ। ਕੋਰਟ ਨੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਪੁਲਿਸ ਸਾਬਕਾ ਕੈਬਿਨੇਟ ਮੰਤਰੀ ਦਾ ਮਹੀਨੇ ਭਰ ਵਿਚ ਕੋਈ ਪਤਾ ਨਹੀਂ ਲਗਾ ਸਕੀ। ਪੁਲਿਸ ਦੱਸੇ ਕਿ ਆਖਰ ਇਨ੍ਹੇ ਮਹੱਤਵਪੂਰਨ ਸ਼ਖਸ਼ ਨੂੰ ਹੁਣ ਤੱਕ ਲੱਭਿਆ ਕਿਉਂ ਨਹੀਂ ਜਾ ਸਕਿਆ? ਡੀਜੀਪੀ ਕੋਰਟ ਵਿਚ ਪੇਸ਼ ਹੋਣ। ਇਸ ਤੋਂ ਪਹਿਲਾਂ ਕੋਰਟ ਨੇ ਮੰਜੂ ਵਰਮਾ ਦੀ ਗ੍ਰਿਫਤਾਰੀ ਨਾ ਹੋਣ ਤੇ ਕਿਹਾ ਸੀ ਕਿ ਬਿਹਾਰ ਵਿਚ ਕੁਝ ਵੀ ਠੀਕ ਨਹੀਂ ਹੈ। ਸਾਬਕਾ ਮੰਤਰੀ ਲੁਕੀ ਹੋਈ ਹੈ ਅਤੇ ਸਰਕਾਰ ਨੂੰ ਪਤਾ ਹੀ ਨਹੀਂ ਹੈ।
ਮੰਤਰੀ ਦੀ ਜਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀ ਸਰਕਾਰ ਉਸ ਨੂੰ ਗ੍ਰਿਫਤਾਰ ਕਰਨ ਵਿਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਵੱਲੋਂ ਅਪ੍ਰੈਲ ਵਿਚ ਬਿਹਾਰ ਸਰਕਾਰ ਦੇ ਸਮਾਜ ਭਲਾਈ ਵਿਭਾਗ ਨੂੰ ਇਕ ਰੀਪੋਰਟ ਸੌਂਪੀ ਗਈ ਸੀ ਜਿਸ ਵਿਚ ਪਹਿਲੀ ਵਾਰ ਬਾਲਿਕਾ ਆਸਰਾ ਘਰ ਵਿਚ ਰਹਿ ਰਹੀਆਂ ਲੜਕੀਆਂ ਨਾਲ ਕਥਿਤ ਤੌਰ ਤੇ ਕੁਕਰਮ ਕਰਨ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਬਿਹਾਰ ਸਰਕਾਰ ਨੇ ਇਸ ਮਾਮਲੇ ਤੇ ਕਾਰਵਾਈ ਕੀਤੀ।
ਪੁਲਿਸ ਮੁਤਾਬਕ ਬਾਲਿਕਾ ਘਰ ਵਿਚ 41 ਲੜਕੀਆਂ ਸਨ ਅਤੇ ਮੈਡੀਕਲ ਰੀਪੋਰਟ ਵਿਚ 34 ਦੇ ਨਾਲ ਕੁਕਰਮ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਕਾਂਡ ਵਿਚ ਮੰਜੂ ਵਰਮਾ ਨੂੰ ਨੀਤਿਸ਼ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਸੀ। ਸੀਬੀਆਈ ਵੱਲੋਂ 17 ਅਗਸਤ ਨੂੰ ਮੰਜੂ ਵਰਮਾ ਦੇ ਘਰ ਕੀਤੀ ਗਈ ਛਾਪੇਮਾਰੀ ਦੌਰਾਨ 50 ਹਥਿਆਰ ਬਰਾਮਦ ਹੋਏ। ਇਸ ਤੋਂ ਬਾਅਦ ਮੰਜੂ ਵਰਮਾ ਅਤੇ ਉਸ ਦੇ ਪਤੀ ਚੰਦਰਸ਼ੇਖਰ ਵਰਮਾ ਵਿਰੁਧ ਚੇਰਿਆ ਬਰਿਆਪੁਰ ਥਾਣੇ ਵਿਚ ਕੇਸ ਦਰਜ ਕਰਵਾਇਆ ਗਿਆ ਪਰ ਇਸ ਤੋਂ ਬਾਅਦ ਤੋਂ ਹੀ ਮੰਜੂ ਵਰਮਾ ਬਾਰੇ ਕੁਝ ਵੀ ਪਤਾ ਨਹੀਂ ਲਗ ਸਕਿਆ।