ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਲੋਕਤੰਤਰ 'ਤੇ ਭਰੋਸਾ ਰੱਖਣ ਵਾਲੇ ਹਨ ਦੁਖੀ: ਅਖਿਲੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਚੋਣਾਂ ਜਿੱਤਣ ਲਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਤੋਂ ਲੈ ਕੇ ਹਰ ਚੀਜ਼ ਦੀ ਵਰਤੋਂ ਕਰਦੀ ਹੈ

akhlesh yadav

ਲਖਨਊ : ਬਿਹਾਰ ਚੋਣਾਂ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ ਸਾਰੇ ਲੋਕ ਜੋ ਲੋਕਤੰਤਰ ਨੂੰ ਪਸੰਦ ਕਰਦੇ ਹਨ ਅਤੇ ਜੋ ਲੋਕਤੰਤਰ 'ਤੇ ਭਰੋਸਾ ਕਰਦੇ ਹਨ, ਉਥੇ ਆਏ ਨਤੀਜਿਆਂ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਐਨਡੀਏ ਗਠਜੋੜ ਨੂੰ ਸਿਰਫ਼ 13 ਤੋਂ 14 ਹਜ਼ਾਰ ਵੋਟਾਂ ਹੀ ਜ਼ਿਆਦਾ ਮਿਲੀਆਂ ਹਨ।

ਉਤਰ ਪ੍ਰਦੇਸ਼ ਵਿਚ ਜ਼ਿਮਨੀ ਚੋਣ ਦੀ ਹਾਰ ਬਾਰੇ ਗੱਲ ਕਰਦਿਆਂ ਯਾਦਵ ਨੇ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਤੋਂ ਲੈ ਕੇ ਹਰ ਚੀਜ਼ ਦੀ ਵਰਤੋਂ ਕਰਦੀ ਹੈ। ਸਾਬਕਾ ਮੁੱਖ ਮੰਤਰੀ ਵੀਰਵਾਰ ਨੂੰ ਅਪਣੇ ਦਫ਼ਤਰ ਵਿਚ ਅਯੁੱਧਿਆ ਦੇ ਪੇਂਡੂ ਖੇਤਰਾਂ ਦੇ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਸਨ, ਜਿਨ੍ਹਾਂ ਦੀ ਜ਼ਮੀਨ ਉਥੇ ਹਵਾਈ ਅੱਡੇ ਲਈ ਵਰਤੀ ਜਾ ਰਹੀ ਹੈ। ਇਨ੍ਹਾਂ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਉਨ੍ਹਾਂ ਨੂੰ ਬਹੁਤ ਘੱਟ ਮੁਆਵਾਜ਼ਾ ਦੇ ਰਹੀ ਹੈ ਅਤੇ ਅਧਿਕਾਰੀ ਉਨ੍ਹਾਂ 'ਤੇ ਜ਼ਬਰਦਸਤੀ ਜ਼ਮੀਨ ਦੇਣ ਲਈ ਦਬਾਅ ਪਾ ਰਹੇ ਹਨ।

ਬਿਹਾਰ ਚੋਣਾਂ ਬਾਰੇ ਪੁੱਛੇ ਗਏ ਸਵਾਲ 'ਤੇ ਸਪਾ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਚੋਣਾਂ ਮੈਂ ਕਦੇ ਨਹੀਂ ਵੇਖੀਆਂ, ਜਿਥੇ ਅਸੀ ਜਿੱਤਦੇ ਜਿੱਤਦੇ ਰਹਿ ਗਈ। ਜਿੰਨੇ ਵੀ ਲੋਕਤੰਤਰ ਨੂੰ ਪਸੰਦ ਕਰਨ ਵਾਲੇ ਲੋਕ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਕੇਵਲ ਲੋਕਤੰਤਰ 'ਤੇ ਭਰੋਸਾ ਹੈ ਉਹ ਸਾਰੇ ਦੁੱਖੀ ਹਨ। ਭਾਜਪਾ ਗਠਜੋੜ ਨੂੰ ਸਿਰਫ਼ 13 ਤੋਂ 14 ਹਜ਼ਾਰ ਵੋਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੇ ਚਾਲ ਅਤੇ ਤਾਕਤ ਨਾਲ ਸਰਕਾਰ ਬਣਾਈ ਹੈ।

ਯਾਦਵ ਨੇ ਅਯੁੱਧਿਆ ਤੋਂ ਆਉਣ ਵਾਲੇ ਕਿਸਾਨਾਂ ਦੀ ਜ਼ਮੀਨ ਦਾ ਘੱਟ ਮੁਆਵਜ਼ਾ ਮਿਲਣ 'ਤੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਸਹੀ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਵੇਲੇ ਐਕਸਪ੍ਰੈਸ ਵੇਅ ਬਣਾਇਆ ਗਿਆ ਸੀ ਤਾਂ ਅਸੀਂ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿਤਾ ਸੀ ਅਤੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ।