ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਤੇ ਗੋਆ ਦੇ ਮੁੱਖ ਮੰਤਰੀ ਵਿਚਾਲੇ ਛਿੜੀ ਟਵਿਟਰ ਜੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਧਾਨੀ 'ਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਧਿਆਨ ਦੇਣ ਤੇ ਗੋਆ ਦੀ ਚਿੰਤਾ ਛੱਡਣ ਦੀ ਸਲਾਹ ਦਿਤੀ

Pramod Sawant

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਆਪਸ ਵਿਚ ਹੀ ਭਿੜ ਗਏ। ਦਰਅਸਲ, ਕੇਜਰੀਵਾਲ ਗੋਆ ਵਿਚ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਹੋ ਰਹੇ ਵਿਰੋਧ ਦੇ ਸਮਰਥਨ ਵਿਚ ਬੋਲੇ ਸੀ ਅਤੇ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਸੀ ਜਿਸ ਤੋਂ ਬਾਅਦ ਪ੍ਰਮੋਦ ਸਾਵੰਦ ਦਾ ਜਵਾਬ ਵੀ ਸਾਹਮਣੇ ਆਇਆ ਹੈ।

ਪ੍ਰਮੋਦ ਸਾਵੰਤ ਨੇ ਕੇਜਰੀਵਾਲ ਨੂੰ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਧਿਆਨ ਦੇਣ ਅਤੇ ਗੋਆ ਦੀ ਚਿੰਤਾ ਛੱਡਣ ਦੀ ਸਲਾਹ ਦਿਤੀ, ਜਿਸ ਤੋਂ ਬਾਅਦ ਕੇਜਰੀਵਾਲ ਨੇ ਤੁਰਤ ਜਵਾਬ ਦਿਤਾ ਕਿ ਇਹ ਮੁੱਦਾ ਸਾਰਿਆਂ ਦੀ ਸਮੱਸਿਆ ਹੈ ਅਤੇ ਇਸ ਨਾਲ ਮਿਲ ਕੇ ਲੜਨ ਦੀ ਲੋੜ ਹੈ। ਦੱਸ ਦਈਏ ਕਿ ਇਸ ਹਫ਼ਤੇ ਕੇਜਰੀਵਾਲ ਨੇ ਵਾਤਾਵਰਣ ਸੁਰੱਖਿਆ ਲਈ ਗੋਆ ਦੇ ਲੋਕਾਂ ਵਲੋਂ ਕੀਤੀ ਜਾਣ ਵਾਲੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਸੀ ਅਤੇ ਭਾਜਪਾ ਸਰਕਾਰ 'ਤੇ ਇਸ ਮੁੱਦੇ 'ਤੇ ਜਨਤਕ ਵਿਰੋਧ-ਪ੍ਰਦਰਸ਼ਨ ਨੂੰ ਦਬਾਉਣ ਦਾ ਦੋਸ਼ ਲਗਾਇਆ ਸੀ।

ਇਸ ਤੋਂ ਬਾਅਦ ਇਕ ਬਿਆਨ ਵਿਚ ਸਾਵੰਤ ਨੇ ਕਿਹਾ ਸੀ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੈ। ਕੇਜਰੀਵਾਲ ਨੂੰ ਗੋਆ ਬਾਰੇ ਬੋਲਣ ਤੋਂ ਪਹਿਲਾਂ ਅਪਣੇ ਸੂਬੇ ਦੀ ਗੱਲ ਕਰਨੀ ਚਾਹੀਦੀ ਹੈ। ਸਾਵੰਤ ਦੀ ਪ੍ਰਤੀਕਿਰਿਆ ਤੋਂ ਬਾਅਦ ਤੁਰਤ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਸਮੱਸਿਆ ਦਿੱਲੀ ਜਾਂ ਗੋਆ ਦੇ ਪ੍ਰਦੂਸ਼ਣ ਬਾਰੇ ਨਹੀਂ ਹੈ। ਅਸੀਂ ਇਕ ਦੇਸ਼ ਹਾਂ। ਸਾਨੂੰ ਇਕੱਠੇ ਹੋ ਕੇ ਯਕੀਨੀ ਬਣਾਉਣਾ ਹੋਵੇਗਾ ਕਿ ਦਿੱਲੀ ਵਿਚ ਤੇ ਗੋਆ ਵਿਚ ਕਿਤੇ ਵੀ ਪ੍ਰਦੂਸ਼ਣ ਨਾ ਰਹੇ।

ਉਨ੍ਹਾਂ ਦੇ ਇਸ ਟਵੀਟ 'ਤੇ ਸਾਵੰਤ ਪਹਿਲਾਂ ਨਾਲੋਂ ਨਰਮ ਦਿਖੇ। ਉਨ੍ਹਾਂ ਨੇ ਲਿਖਿਆ ਕਿ ਪਿਆਰੇ ਅਰਵਿੰਦ ਕੇਜਰੀਵਾਲ ਜੀ। ਅਸੀਂ ਯਕੀਨੀ ਬਣਾ ਰਹੇ ਹਾਂ ਕਿ ਗੋਆ ਵਿਚ ਪ੍ਰਦੂਸ਼ਣ ਨਾ ਰਹੇ। ਮੈਨੂੰ ਪੱਕਾ ਪਤਾ ਹੈ ਕਿ ਦਿੱਲੀ ਦੇ ਲੋਕ ਵੀ ਅਪਣੇ ਖ਼ੂਬਸੂਰਤ ਸੂਬੇ ਲਈ ਅਜਿਹਾ ਹੀ ਚਾਹੁੰਦੇ ਹਨ।