ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, ਆਜ਼ਾਦੀ ਨੂੰ ਦੱਸਿਆ ਸੀ ‘ਭੀਖ’

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਪ੍ਰੀਤੀ ਸ਼ਰਮਾ ਮੈਨਨ ਨੇ ਮੁੰਬਈ ’ਚ ਕਰਵਾਈ ਸ਼ਿਕਾਇਤ ਦਰਜ

Complaint lodged against Kangana Ranaut

 

ਮੁੰਬਈ - ਹਾਲ ਹੀ ’ਚ ਪਦਮ ਸ਼੍ਰੀ ਨਾਲ ਸਨਮਾਨਿਤ ਅਦਾਕਾਰ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਸ ਦੀ ਜ਼ਬਰਦਸਤ ਆਲੋਚਨਾ ਹੋ ਰਹੀ ਹੈ। ਅਪਣੇ ਬਿਆਨ ਵਿਚ ਕੰਗਨਾ ਨੇ ਭਾਰਤ ਨੂੰ ਮਿਲੀ ਆਜ਼ਾਦੀ ਨੂੰ ‘ਭੀਖ’ ਦੱਸਿਆ ਸੀ, ਜਿਸ ਕਾਰਨ ਅਦਾਕਾਰਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਅਦਾਕਾਰਾ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਪ੍ਰੀਤੀ ਸ਼ਰਮਾ ਮੈਨਨ ਨੇ ਮੁੰਬਈ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਨੇ ਕੰਗਨਾ ਵਲੋਂ ਦਿੱਤੇ ਅਪਮਾਨਜਨਕ ਬਿਆਨ ਦੀ ਨਿੰਦਿਆ ਕੀਤੀ ਤੇ ਉਸ ਦੇ ਖ਼ਿਲਾਫ਼ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਪ੍ਰੀਤੀ ਮੈਨਨ ਨੇ ਟਵੀਟ ਕੀਤਾ ਕਿ ਉਸ ਨੇ ਮੁੰਬਈ ਪੁਲਿਸ ਨੂੰ ਇਕ ਅਰਜ਼ੀ ਦਿੱਤੀ ਹੈ

ਜਿਸ ’ਚ ਕੰਗਨਾ ਰਣੌਤ ’ਤੇ ਉਸ ਦੇ ਦੇਸ਼-ਧ੍ਰੋਹੀ ਤੇ ਭੜਕਾਊ ਬਿਆਨਾਂ ਲਈ ਧਾਰਾ 504, 505 ਤੇ 124 ਏ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਕੰਗਨਾ ਨੇ ਹਾਲ ਹੀ ’ਚ ਹੋਏ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਭਾਰਤ ਨੂੰ 1947 ’ਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਤੇ ਅਜ਼ਾਦੀ ਤਾਂ ਹੁਣ 2014 ’ਚ ਮਿਲੀ ਹੈ। ਕੰਗਨਾ ਰਣੌਤ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਸੀ। ਇਸ ਬਿਆਨ ’ਚ ਕੰਗਨਾ ਦਾ ਇਸ਼ਾਰਾ ਬੀ. ਜੇ. ਪੀ. ਦੀ ਸਰਕਾਰ ਵੱਲ ਸੀ ਪਰ ਇਸ ਬਿਆਨ ਕਾਰਨ ਕੰਗਨਾ ਹੁਣ ਮੁਸੀਬਤ ’ਚ ਹੈ।