ਬਲੀ ਵਾਸਤੇ ਬੱਚਾ ਅਗਵਾ ਕਰਨ ਵਾਲੀ ਔਰਤ ਗ੍ਰਿਫ਼ਤਾਰ, ਬੱਚਾ ਛੁਡਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਰੇ ਪਿਓ ਨੂੰ ਜਿਉਂਦਾ ਕਰਨਾ ਚਾਹੁੰਦੀ ਸੀ ਔਰਤ   ਬਲੀ ਦੇਣ ਲਈ ਅਗਵਾ ਕੀਤਾ ਮਾਸੂਮ ਬੱਚਾ 

The woman who kidnapped the child for sacrifice was arrested, the child was released

ਨਵੀਂ ਦਿੱਲੀ - ਦੱਖਣ-ਪੂਰਬੀ ਦਿੱਲੀ ਵਿੱਚ ਇੱਕ 25 ਸਾਲਾ ਔਰਤ ਨੂੰ ਆਪਣੇ ਮ੍ਰਿਤਕ ਪਿਤਾ ਨੂੰ ਜਿਉਂਦਾ ਕਰਨ ਲਈ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।  ਪੁਲਿਸ ਨੇ ਦੱਸਿਆ, ''ਦੋਸ਼ੀ ਔਰਤ ਦਾ ਨਾਂ ਸ਼ਵੇਤਾ ਹੈ, ਉਹ ਕੋਟਲਾ ਮੁਬਾਰਕਪੁਰ ਦੀ ਰਹਿਣ ਵਾਲੀ ਹੈ। ਬੱਚੇ ਨੂੰ ਔਰਤ ਤੋਂ ਬਚਾ ਲਿਆ ਗਿਆ ਹੈ।" ਪੁਲਿਸ ਨੇ ਕਿਹਾ, "ਉਹ ਪਹਿਲਾਂ ਲੁੱਟ ਅਤੇ ਚੋਰੀ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਸੀ।"

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 4 ਵਜੇ ਸੂਚਨਾ ਮਿਲੀ ਸੀ ਕਿ ਗੜ੍ਹੀ ਇਲਾਕੇ ਤੋਂ ਇੱਕ ਅਣਪਛਾਤੀ ਔਰਤ ਵੱਲੋਂ ਦੋ ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਗਈ।

ਪੁਲਿਸ ਅਨੁਸਾਰ, ਬੱਚੇ ਦੀ ਮਾਂ ਨੇ ਦੱਸਿਆ ਕਿ ਅਗਵਾਕਾਰ ਉਸ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਮਿਲੀ ਸੀ ਜਿਸ ਨੇ ਆਪਣੀ ਪਛਾਣ ਜੱਚਾ-ਬੱਚਾ ਦੀ ਦੇਖਭਾਲ ਲਈ ਕੰਮ ਕਰਨ ਵਾਲੀ ਇੱਕ ਐਨ.ਜੀ.ਓ. ਮੈਂਬਰ ਵਜੋਂ ਕਰਵਾਈ। ਪੁਲਿਸ ਨੇ ਕਿਹਾ, ''ਸ਼ਵੇਤਾ ਨੇ ਮਾਂ ਅਤੇ ਬੱਚੇ ਨੂੰ ਮੁਫ਼ਤ ਦਵਾਈ ਅਤੇ ਸਲਾਹ ਦੇਣ ਦਾ ਵਾਅਦਾ ਕੀਤਾ ਸੀ। ਬਾਅਦ ਵਿੱਚ, ਉਹ ਨਵਜੰਮੇ ਬੱਚੇ ਦੀ ਜਾਂਚ ਕਰਨ ਦੇ ਬਹਾਨੇ ਉਨ੍ਹਾਂ ਦਾ ਪਿੱਛਾ ਕਰਨ ਲੱਗੀ।"  ਬੁੱਧਵਾਰ ਨੂੰ ਦੋਸ਼ੀ ਔਰਤ ਬੱਚੇ ਦੀ ਜਾਂਚ ਕਰਨ ਲਈ ਗੜ੍ਹੀ ਸਥਿਤ ਮਮਰਾਜ ਮੁਹੱਲੇ ਸਥਿਤ ਉਸ ਦੇ ਘਰ ਵੀ ਆਈ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਵੀਰਵਾਰ ਨੂੰ, ਉਹ ਦੁਬਾਰਾ ਉਨ੍ਹਾਂ ਦੇ ਘਰ ਆਈ ਅਤੇ ਬੱਚੇ ਦੀ ਮਾਂ ਨੂੰ ਬੱਚੇ ਨੂੰ ਬਾਹਰ ਲਿਜਾਣ ਲਈ ਸੌਂਪਣ ਵਾਸਤੇ ਮਨਾ ਲਿਆ। ਮਾਂ ਨੇ ਆਪਣੀ 21 ਸਾਲਾ ਭਤੀਜੀ ਰਿਤੂ ਨੂੰ ਸ਼ਵੇਤਾ ਦੇ ਨਾਲ ਜਾਣ ਲਈ ਕਿਹਾ।

ਪੁਲਿਸ ਅਧਿਕਾਰੀ ਨੇ ਦੱਸਿਆ, ''ਦੋਸ਼ੀ ਔਰਤ ਨੀਮ ਚੌਕ, ਗੜ੍ਹੀ ਵਿਖੇ ਆਈ, ਅਤੇ ਪੀੜਤਾ ਦੀ ਭਤੀਜੀ ਰਿਤੂ ਨਾਲ ਮਿਲ ਕੇ ਨਵਜੰਮੇ ਬੱਚੇ ਨੂੰ ਆਪਣੀ ਕਾਰ 'ਚ ਲੈ ਗਈ। ਰਸਤੇ 'ਚ ਅਗਵਾਕਾਰ ਨੇ ਰਿਤੂ ਨੂੰ ਕੋਲਡ ਡਰਿੰਕ ਪਿਲਾਈ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਬਾਅਦ ਵਿੱਚ ਅਗਵਾਕਾਰ ਨੇ ਰਿਤੂ ਨੂੰ ਗਾਜ਼ੀਆਬਾਦ ਵਿੱਚ ਛੱਡ ਦਿੱਤਾ। ਪੁਲਿਸ ਨੇ ਕਿਹਾ, "ਕੁਝ ਹੋਸ਼ ਵਿੱਚ ਆਉਣ ਤੋਂ ਬਾਅਦ ਰਿਤੂ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।" ਜਾਂਚ ਦੌਰਾਨ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਤੋਂ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਦੀ ਪਛਾਣ ਕੀਤੀ। 

ਵੀਰਵਾਰ ਸ਼ਾਮ ਕਰੀਬ 4 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾਕਾਰ ਆਰੀਆ ਸਮਾਜ ਮੰਦਰ ਕੋਟਲਾ ਮੁਬਾਰਕਪੁਰ ਨੇੜੇ ਆਵੇਗੀ। ਪੁਲਿਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਅਧਿਕਾਰੀ ਨੇ ਕਿਹਾ, ''ਪੁੱਛਗਿੱਛ 'ਚ ਸ਼ਵੇਤਾ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਦਾ ਅਕਤੂਬਰ 'ਚ ਦਿਹਾਂਤ ਹੋ ਗਿਆ ਸੀ। ਅੰਤਿਮ ਸਸਕਾਰ ਦੌਰਾਨ, ਉਸ ਨੂੰ ਪਤਾ ਲੱਗਿਆ ਕਿ ਸਮਾਨ ਲਿੰਗ ਦੇ ਬੱਚੇ ਦੀ ਬਲੀ ਦੇ ਕੇ ਉਸ ਦਾ ਪਿਤਾ ਦੁਬਾਰਾ ਜਿਉਂਦਾ ਕੀਤਾ ਜਾ ਸਕਦਾ ਹੈ।"

ਪੁਲਿਸ ਨੇ ਕਿਹਾ, ''ਇਸ ਅੰਧਵਿਸ਼ਵਾਸ ਦੀ ਪੂਰਤੀ ਲਈ ਉਸ ਨੇ ਇਲਾਕੇ 'ਚ ਇੱਕ ਨਵਜੰਮੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਸਫ਼ਦਰਜੰਗ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਗਈ ਅਤੇ ਦੱਸਿਆ ਕਿ ਉਹ ਇੱਕ ਐਨ.ਜੀ.ਓ. ਵਿੱਚ ਕੰਮ ਕਰਦੀ ਹੈ, ਜੋ ਨਵਜੰਮੇ ਬੱਚੇ ਅਤੇ ਮਾਂ ਦੀ ਦੇਖਭਾਲ ਲਈ ਕੰਮ ਕਰਦੀ ਹੈ।”ਉਨ੍ਹਾਂ ਕਿਹਾ, “ਇਸੇ ਅਧੀਨ ਮੁਲਜ਼ਮ ਅਗਵਾ ਹੋਏ ਬੱਚੇ ਦੀ ਮਾਂ ਨੂੰ ਮਿਲੀ। ਮਾਂ ਦਾ ਭਰੋਸਾ ਜਿੱਤਣ ਲਈ ਉਸ ਨੇ ਅਕਸਰ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ।