ਸਿਡਨੀ ਦੇ ਮੰਦਰ ਵਿੱਚ ਤਿਆਰ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਆਂਡਾ ਰਹਿਤ ਕੇਕ
ਮੰਦਰ ਦੇ ਸੇਵਾਦਾਰਾਂ ਨੇ ਬਣਾਇਆ ਸਭ ਤੋਂ ਵੱਡਾ ਆਂਡਾ ਰਹਿਤ ਕੇਕ, ਆਸਟ੍ਰੇਲੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਹੋਇਆ ਨਾਂਅ
ਸਿਡਨੀ - ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਬੀਏਪੀਐਸ ਸਵਾਮੀਨਾਰਾਇਣ ਮੰਦਰ ਨੇ ਦੁਨੀਆ ਦਾ ਸਭ ਤੋਂ ਵੱਡਾ ਆਂਡਾ ਰਹਿਤ ਕੇਕ ਬਣਾ ਕੇ, ਆਸਟ੍ਰੇਲੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਥਾਂ ਬਣਾ ਲਈ ਹੈ।
ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ'ਫੈਰਲ ਏਓ ਨੇ ਟਵਿਟਰ 'ਤੇ ਇਹ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, "ਦੁਨੀਆ ਵਿੱਚ ਪਹਿਲੀ ਵਾਰ, ਸਿਡਨੀ ਦੇ BAPS ਸਵਾਮੀਨਾਰਾਇਣ ਮੰਦਰ ਨੇ ਦੁਨੀਆ ਦਾ ਸਭ ਤੋਂ ਵੱਡਾ ਆਂਡਾ ਰਹਿਤ ਕੇਕ ਬਣਾ ਕੇ ਆਸਟਰੇਲੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਜਗ੍ਹਾ ਬਣਾ ਲਈ ਹੈ। 60 ਤੋਂ ਵੱਧ ਵਾਲੰਟੀਅਰਾਂ ਦੁਆਰਾ ਤਿਆਰ ਕੀਤਾ ਗਿਆ ਕੇਕ 2.4 ਮੀਟਰ ਉੱਚਾ ਅਤੇ 3 ਮੀਟਰ ਚੌੜਾ ਹੈ।" ਮੰਦਰ ਨੂੰ ਇਹ ਪੁਰਸਕਾਰ 26 ਅਕਤੂਬਰ, 2022 ਨੂੰ ਦਿੱਤਾ ਗਿਆ ਸੀ।
ਕੇਕ ਨੂੰ ਇੱਕ ਪਰੰਪਰਾਗਤ ਹਿੰਦੂ ਮੰਦਰ ਦੇ ਆਕਾਰ ਵਿੱਚ ਡਿਜ਼ਾਇਨ ਕੀਤਾ ਗਿਆ। ਇਹ 2.4 ਮੀਟਰ ਉੱਚਾ ਅਤੇ 3 ਮੀਟਰ ਚੌੜਾ ਸੀ, ਅਤੇ ਇਸ ਦਾ ਭਾਰ 1023.44 ਕਿੱਲੋਗ੍ਰਾਮ ਸੀ। ਇਸ ਨੂੰ ਅੰਨਕੁਟ ਪੂਜਾ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਲੋਕ ਹਿੰਦੂ ਨਵੇਂ ਸਾਲ ਦੇ ਪਹਿਲੇ ਦਿਨ ਭਗਵਾਨ ਨੂੰ ਵਿਭਿੰਨ ਪ੍ਰਕਾਰ ਦੇ ਪਕਵਾਨ ਅਰਪਣ ਕਰਦੇ ਹਨ। ਇਸ ਕੇਕ ਨੂੰ ਬਣਾਉਣ ਲਈ ਮੰਦਰ ਦੇ 60 ਤੋਂ ਵੱਧ ਵਾਲੰਟੀਅਰਾਂ ਨੇ 4300 ਘੰਟੇ ਸਖ਼ਤ ਮਿਹਨਤ ਕੀਤੀ।
ਅਮੇਰਿਕਨ ਬੁੱਕ ਆਫ਼ ਰਿਕਾਰਡਜ਼ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਇਹ ਕੇਕ ਮਾਣਯੋਗ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਨੂੰ ਯਾਦਗਾਰੀ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਰਿਕਾਰਡ ਦੀ ਸਾਰੀ ਪ੍ਰਕਿਰਿਆ ਤੇ ਪੇਸ਼ਕਾਰੀ ਬੀਏਪੀਐਸ ਸ਼੍ਰੀ ਸਵਾਮੀਨਾਰਾਇਣ ਮੰਦਰ, ਸਿਡਨੀ, ਆਸਟ੍ਰੇਲੀਆ ਵਿਖੇ ਹੋਈ। ਬੀਏਪੀਐਸ ਦਾ ਅਰਥ ਹੈ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ।