Delhi Air pollution : ਦੀਵਾਲੀ ਮੌਕੇ ਇਸ ਵਾਰ ਦਿੱਲੀ ਦੀ ਹਵਾ ਅੱਠ ਸਾਲਾਂ ’ਚ ਸਭ ਤੋਂ ਵੱਧ ਸਾਫ਼ ਰਹਿ ਸਕਦੀ ਹੈ ਜੇਕਰ...

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਨਿਚਰਵਾਰ ਨੂੰ 24 ਘੰਟੇ ਦੀ ਔਸਤ AQI 220 ਸੀ, ਜੋ ਅੱਠ ਸਾਲਾਂ ’ਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਭ ਤੋਂ ਘੱਟ ਸੀ

New Delhi: Lodhi Garden is seen after rain. (File Photo)

Delhi Air pollution : ਜੇਕਰ ਪਟਾਕਿਆਂ ਸਬੰਧੀ ਸਖਤ ਪਾਬੰਦੀਆਂ ਲਾਗੂ ਹੁੰਦੀਆਂ ਹਨ ਤਾਂ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦਿੱਲੀ ਦੀ ਹਵਾ ਕੁਆਲਿਟੀ ਅੱਠ ਸਾਲਾਂ ਵਿਚ ਸਭ ਤੋਂ ਬਿਹਤਰ ਰਹਿ ਸਕਦੀ ਹੈ। ਦਿੱਲੀ ਵਾਸੀਆਂ ਦੀ ਸਵੇਰ ਸਾਫ਼ ਆਸਮਾਨ ਅਤੇ ਖਿੜੀ ਧੁੱਪ ਨਾਲ ਹੋਈ ਅਤੇ ਸ਼ਹਿਰ ਦੀ ਹਵਾ ਕੁਆਲਿਟੀ ਸੂਚਕ ਅੰਕ (AQI) ਸਵੇਰੇ 7 ਵਜੇ 202 ਰਹੀ ਜੋ ਘੱਟ ਤੋਂ ਘੱਟ ਤਿੰਨ ਹਫ਼ਤਿਆਂ ’ਚ ਸਭ ਤੋਂ ਚੰਗੀ ਹੈ। 

AQI ਸਿਰਫ਼ ਅਤੇ 50 ਦੇ ਵਿਚਕਾਰ ‘ਚੰਗਾ’, 51 ਤੋਂ 100 ਵਿਚਕਾਰ ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨੀ’, 201 ਤੋਂ 300 ‘ਖ਼ਰਾਬ’, 301 ਤੋਂ 400 ‘ਬਹੁਤ ਖ਼ਰਾਬ’ ਅਤੇ 401 ਤੋਂ 450 ਵਿਚਕਾਰ ‘ਗੰਭੀਰ’ ਮੰਨੀ ਜਾਂਦੀ ਹੈ। AQI ਦੇ 450 ਤੋਂ ਉੱਪਰ ਹੋ ਜਾਣ ’ਤੇ ਇਸ ਨੂੰ ‘ਬਹੁਤ ਗੰਭੀਰ’ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਇਕ ਦਿਨ ਪਹਿਲਾਂ, ਸ਼ਨਿਚਰਵਾਰ ਨੂੰ 24 ਘੰਟੇ ਦੀ ਔਸਤ AQI 220 ਸੀ, ਜੋ ਅੱਠ ਸਾਲਾਂ ’ਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਭ ਤੋਂ ਘੱਟ ਸੀ।  ਇਸ ਵਾਰ ਦੀਵਾਲੀ ਤੋਂ ਠੀਕ ਪਹਿਲਾਂ ਦਿੱਲੀ ’ਚ ਹਵਾ ਦੀ ਕੁਆਲਿਟੀ ’ਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ੁਕਰਵਾਰ ਨੂੰ ਰੁਕ-ਰੁਕ ਕੇ ਮੀਂਹ ਅਤੇ ਪ੍ਰਦੂਸ਼ਕਾਂ ਨੂੰ ਉਡਾ ਕੇ ਲੈ ਜਾਣ ਲਈ ਅਨੁਕੂਲ ਹਵਾ ਦੀ ਗਤੀ ਦਾ ਹੋਣਾ ਹੈ। ਜਦਕਿ ਵੀਰਵਾਰ ਨੂੰ 24 ਘੰਟੇ ਦੀ ਔਸਤ AQI 437 ਸੀ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਦੀਵਾਲੀ 'ਤੇ ਦਿੱਲੀ ’ਚ AQI 312, 2021 ’ਚ 382, ​​2020 ’ਚ 414, 2019 ’ਚ 337, 2018 ’ਚ 281, 2017 ’ਚ 319 ਅਤੇ 2016 ’ਚ 431 ਸੀ। 28 ਅਕਤੂਬਰ ਤੋਂ ਦੋ ਹਫ਼ਤਿਆਂ ਤਕ ਸ਼ਹਿਰ ’ਚ ਹਵਾ ਦੀ ਕੁਆਲਿਟੀ ‘ਬਹੁਤ ਖ਼ਰਾਬ’ ਤੋਂ ‘ਗੰਭੀਰ’ ਤਕ ਰਹੀ ਅਤੇ ਇਸ ਦੌਰਾਨ ਰਾਜਧਾਨੀ ’ਚ ਦਮ ਘੁੱਟਣ ਵਾਲੇ ਧੂੰਏਂ ਨੇ ਘੇਰ ਲਿਆ ਸੀ।

ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ

ਭਾਰਤੀ ਮੌਸਮ ਵਿਭਾਗ (IMD) ਨੇ ਪਹਿਲਾਂ ਹੀ ਪਛਮੀ ਗੜਬੜੀ ਦੇ ਪ੍ਰਭਾਵ ਕਾਰਨ ਹਲਕੀ ਬਾਰਿਸ਼ ਸਮੇਤ ਅਨੁਕੂਲ ਮੌਸਮੀ ਸਥਿਤੀਆਂ ਕਾਰਨ ਦੀਵਾਲੀ ਤੋਂ ਠੀਕ ਪਹਿਲਾਂ ਹਵਾ ਦੀ ਕੁਆਲਿਟੀ ’ਚ ਮਾਮੂਲੀ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ। ਪੱਛਮੀ ਗੜਬੜ ਨੇ ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਬਾਰਸ਼ ਲਿਆਂਦੀ, ਜਿਸ ਨਾਲ ਪਰਾਲੀ ਸਾੜਨ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ’ਚ ਧੂੰਏਂ ਦੇ ਯੋਗਦਾਨ ਨੂੰ ਘਟਾਇਆ ਗਿਆ। ਆਈ.ਐਮ.ਡੀ. ਦੇ ਇਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਇਕ ਵਾਰ ਪਛਮੀ ਗੜਬੜੀ ਦੇ ਲੰਘਣ ਤੋਂ ਬਾਅਦ 11 ਨਵੰਬਰ (ਸ਼ਨਿਚਰਵਾਰ) ਨੂੰ ਹਵਾ ਦੀ ਰਫ਼ਤਾਰ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ, ਜਿਸ ਨਾਲ ਦੀਵਾਲੀ (12 ਨਵੰਬਰ) ਤੋਂ ਪਹਿਲਾਂ ਪ੍ਰਦੂਸ਼ਕਾਂ ਦੇ ਫੈਲਣ ਨੂੰ ਘੱਟ ਕਰਨ ’ਚ ਮਦਦ ਮਿਲੇਗੀ।

ਪਿਛਲੇ ਤਿੰਨ ਸਾਲਾਂ ਦੇ ਰੁਝਾਨ ਨੂੰ ਵੇਖਦੇ ਹੋਏ, ਦਿੱਲੀ ਨੇ ਰਾਜਧਾਨੀ ਦੇ ਅੰਦਰ ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ ਸ਼ਨਿਚਰਵਾਰ ਦੀ ਰਾਤ ਰਾਜਧਾਨੀ ਦੇ ਕਈ ਹਿੱਸਿਆਂ ’ਚ ਪਟਾਕਿਆਂ ਨੂੰ ਸਾੜਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ’ਚ ਐਤਵਾਰ ਰਾਤ ਘੱਟ ਤਾਪਮਾਨ ਅਤੇ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਸਕਦਾ ਹੈ। ਦਿੱਲੀ ’ਚ ਪਾਰਟੀਕੁਲੇਟ ਮੈਟਰ (ਪੀ.ਐਮ.) ਪ੍ਰਦੂਸ਼ਣ ਦੇ ਸਰੋਤਾਂ ਦੀ ਪਛਾਣ ਕਰਨ ਵਾਲੇ ‘ਡਿਸੀਜ਼ਨ ਸਪੋਰਟ ਸਿਸਟਮ’ ਦੇ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ ’ਚ ਬੁਧਵਾਰ ਨੂੰ 38 ਫ਼ੀ ਸਦੀ ਪ੍ਰਦੂਸ਼ਣ ਲਈ ਗੁਆਂਢੀ ਸੂਬਿਆਂ, ਖਾਸ ਕਰ ਕੇ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਤੋਂ ਨਿਕਲਣ ਵਾਲਾ ਧੂੰਆਂ ਜ਼ਿੰਮੇਵਾਰ ਸੀ। ਸ਼ਹਿਰ ’ਚ ਪ੍ਰਦੂਸ਼ਣ ਦੇ ਪੱਧਰ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਯੋਗਦਾਨ ਵੀਰਵਾਰ ਨੂੰ 33 ਫੀ ਸਦੀ, ਜਦਕਿ ਸ਼ੁਕਰਵਾਰ ਨੂੰ ਇਹ 17 ਫੀ ਸਦੀ ਸੀ।

ਅੰਕੜਿਆਂ ’ਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਟਰਾਂਸਪੋਰਟ ਨੂੰ ਵੀ ਦੱਸਿਆ ਗਿਆ ਹੈ, ਜੋ ਦਿੱਲੀ ਦੀ ਹਵਾ ਨੂੰ ਖਰਾਬ ਕਰਨ ’ਚ 12 ਤੋਂ 14 ਫੀ ਸਦੀ ਯੋਗਦਾਨ ਪਾ ਰਿਹਾ ਹੈ। ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾਨ ਦੇ ਪ੍ਰਮੁੱਖ ਵਿਗਿਆਨੀ ਵਿਨੈ ਕੁਮਾਰ ਸਹਿਗਲ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਤੋਂ ਬਾਅਦ ਨਮੀ ਵਾਲੀ ਸਥਿਤੀ ਕਾਰਨ ਦੀਵਾਲੀ ਦੇ ਆਸ-ਪਾਸ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਕਮੀ ਆਵੇਗੀ।

ਦਿਨ ’ਚ 10 ਸਿਗਰਟਾਂ ਪੀਣ ਦੇ ਬਰਾਬਰ ਹੈ ਦਿੱਲੀ ਦੀ ਹਵਾ ’ਚ ਸਾਹ ਲੈਣਾ

ਡਾਕਟਰਾਂ ਨੇ ਕਿਹਾ ਹੈ ਕਿ ਦਿੱਲੀ ਦੀ ਪ੍ਰਦੂਸ਼ਿਤ ਹਵਾ ’ਚ ਸਾਹ ਲੈਣਾ ਦਿਨ ’ਚ 10 ਸਿਗਰਟ ਪੀਣ ਦੇ ਨੁਕਸਾਨਦੇਹ ਮਾੜੇ ਪ੍ਰਭਾਵਾਂ ਦੇ ਬਰਾਬਰ ਹੈ। ਦਿੱਲੀ-ਐਨ.ਸੀ.ਆਰ. ਲਈ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ‘ਗਰੇਡਡ ਰਿਸਪਾਂਸ ਐਕਸ਼ਨ ਪਲਾਨ’ (ਜੀ.ਆਰ.ਏ.ਪੀ.) ਦੇ ਅੰਤਮ ਪੜਾਅ ਤਹਿਤ ਲੋੜੀਂਦੀਆਂ ਸਾਰੀਆਂ ਸਖ਼ਤ ਪਾਬੰਦੀਆਂ ਵੀ ਦਿੱਲੀ ’ਚ ਲਾਗੂ ਕਰ ਦਿਤੀਆਂ ਗਈਆਂ ਹਨ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਦੇ ਵਿਸ਼ਲੇਸ਼ਣ ਦੇ ਅਨੁਸਾਰ, ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ 1 ਤੋਂ 15 ਨਵੰਬਰ ਤਕ ਸਿਖਰ ’ਤੇ ਹੁੰਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵਾਧਾ ਹੁੰਦਾ ਹੈ।

(For more news apart from Delhi Air pollution, stay tuned to Rozana Spokesman)