ਲਾਲ ਕਿਲ੍ਹਾ ਧਮਾਕਾ ਮਾਮਲਾ: ਫਰੀਦਾਬਾਦ ’ਚੋਂ ਬਰਾਮਦ ਹੋਈ ਮੁਲਜ਼ਮਾਂ ਨਾਲ ਸਬੰਧਤ ਸ਼ੱਕੀ ਕਾਰ
ਧਮਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਆਈ ਸਾਹਮਣੇ
ਚੰਡੀਗੜ੍ਹ : ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਦੇ ਮਾਮਲੇ ’ਚ ਇਕ ਸ਼ੱਕੀ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰ ਹਰਿਆਣਾ ਦੇ ਜ਼ਿਲ੍ਹੇ ਫ਼ਰੀਦਾਬਾਦ ਦੇ ਖੰਡਾਵਾਲੀ ਇਲਾਕੇ ਵਿਚ ਮਿਲੀ। ਫਰੀਦਾਬਾਦ ਪੁਲਿਸ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਕਾਰ ਦਾ ਪਤਾ ਲਗਾਉਣ ਲਈ ਕੌਮੀ ਰਾਜਧਾਨੀ ਦੇ ਸਾਰੇ ਥਾਣਿਆਂ, ਚੌਕੀਆਂ ਅਤੇ ਸਰਹੱਦੀ ਚੌਕੀਆਂ ਉਤੇ ਅਲਰਟ ਜਾਰੀ ਕੀਤਾ ਸੀ। ਅਲਰਟ ਇਸ ਜਾਂਚ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਕਿ ਧਮਾਕੇ ਵਿਚ ਵਰਤੀ ਗਈ ਹੁੰਡਈ ਆਈ-20 ਨਾਲ ਪਹਿਲਾਂ ਹੀ ਜੁੜੇ ਹੋਰ ਸ਼ੱਕੀ ਲੋਕਾਂ ਕੋਲ ਇਕ ਹੋਰ ਲਾਲ ਰੰਗ ਦੀ ਕਾਰ ਵੀ ਸੀ।
ਗੱਡੀ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀਆਂ ਘੱਟੋ-ਘੱਟ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਦਕਿ ਗੁਆਂਢੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਨੂੰ ਵੀ ਸਖ਼ਤ ਚੌਕਸੀ ਬਣਾਈ ਰੱਖਣ ਅਤੇ ਤਲਾਸ਼ੀ ਵਿਚ ਸਹਾਇਤਾ ਕਰਨ ਲਈ ਚੌਕਸ ਕਰ ਦਿਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਡਾ. ਉਮਰ ਉਨ ਨਬੀ ਦੇ ਨਾਮ ਉਤੇ ਰਜਿਸਟਰਡ ਹੈ, ਜੋ ਧਮਾਕੇ ਤੋਂ ਪਹਿਲਾਂ ਕਥਿਤ ਤੌਰ ਉਤੇ ਕਾਰ ਚਲਾ ਰਿਹਾ ਸੀ। ਸ਼ੱਕ ਸੀ ਕਿ ਇਸ ਵਾਹਨ ਦੀ ਵਰਤੋਂ ਡਾ. ਉਮਰ ਉਨ ਨਬੀ ਨੇ ਜਾਸੂਸੀ ਦੀਆਂ ਗਤੀਵਿਧੀਆਂ ਲਈ ਕੀਤੀ ਸੀ।
ਇਸ ਦੌਰਾਨ ਧਮਾਕੇ ਦੇ ਸਹੀ ਪਲ ਨੂੰ ਕੈਦ ਕਰਨ ਵਾਲੀ ਸੀ.ਸੀ.ਟੀ.ਵੀ. ਫੁਟੇਜ ਬੁਧਵਾਰ ਨੂੰ ਸਾਹਮਣੇ ਆਈ। ਲਾਲ ਕਿਲ੍ਹੇ ਦੀਆਂ ਲਾਇਟਾਂ ਉਤੇ ਲਗਾਏ ਗਏ ਨਿਗਰਾਨੀ ਕੈਮਰੇ ਵਲੋਂ ਰੀਕਾਰਡ ਕੀਤੇ ਗਏ ਇਸ ਦ੍ਰਿਸ਼ ਵਿਚ ਅਚਾਨਕ ਅੱਗ ਲੱਗਣ ਤੋਂ ਪਹਿਲਾਂ ਟ੍ਰੈਫਿਕ ਦੀਆਂ ਹਰਕਤਾਂ ਵਿਖਾਈ ਦਿਤੀਆਂ। ਫੁਟੇਜ ਵਿਚ ਸੋਮਵਾਰ ਸ਼ਾਮ ਕਰੀਬ 6:50 ਵਜੇ ਹੋਇਆ ਇਹ ਧਮਾਕਾ ਲਾਲ ਗੁਬਾਰੇ ਫਟਣ ਵਾਂਗ ਵਿਖਾਈ ਦਿਤਾ, ਜਿਸ ਤੋਂ ਬਾਅਦ ਹਫੜਾ-ਦਫੜੀ ਅਤੇ ਦਹਿਸ਼ਤ ਫੈਲ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਦਾ ਸਹਾਇਕ ਪ੍ਰੋਫੈਸਰ ਡਾ. ਉਮਰ ਨਬੀ ਚਲਾ ਰਿਹਾ ਸੀ।
ਇਹ ਵੀ ਸਾਹਮਣੇ ਆਇਆ ਸੀ ਕਿ ਡਾ. ਉਮਰ ਨਬੀ ਨੇ ਬਾਬਰੀ ਮਸਜਿਦ ਢਾਹੁਣ ਦੀ ਬਰਸੀ 6 ਦਸੰਬਰ ਦੇ ਮੌਕੇ ਉਤੇ ਇਕ ਤਾਕਤਵਰ ਧਮਾਕੇ ਦੀ ਯੋਜਨਾ ਬਣਾਈ ਸੀ। ਅਧਿਕਾਰੀਆਂ ਨੇ ਦਸਿਆ ਕਿ ਫਰੀਦਾਬਾਦ ’ਚ ਕੇਂਦਰਿਤ ਅੰਤਰਰਾਜੀ ‘ਸਫੇਦਪੋਸ਼’ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਮਡਿਊਲ ਨਾਲ ਕਥਿਤ ਤੌਰ ਉਤੇ ਸਬੰਧ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਅੱਠ ਲੋਕਾਂ ਤੋਂ ਪੁੱਛ-ਪੜਤਾਲ ਅਤੇ ਉਨ੍ਹਾਂ ਦੇ ਪਰਵਾਰ , ਦੋਸਤਾਂ ਅਤੇ ਗੁਆਂਢੀਆਂ ਨਾਲ ਗੱਲਬਾਤ ਤੋਂ ਬਾਅਦ ਯੋਜਨਾ ਦਾ ਵੇਰਵਾ ਸਾਹਮਣੇ ਆਇਆ ਹੈ। ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਰਹਿਣ ਵਾਲੇ 28 ਸਾਲ ਦੇ ਡਾ. ਉਮਰ ਦੀ ਯੋਜਨਾ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੇ ਡਾ. ਮੁਜ਼ਮਿਲ ਅਹਿਮਦ ਗਨਾਈ ਉਰਫ ਮੁਸਾਇਬ ਦੀ ਗ੍ਰਿਫਤਾਰੀ ਨਾਲ ਅਸਫਲ ਹੋ ਗਈ। ਮੁਸਾਇਬ ਦੇ ਕਮਰੇ ਵਿਚੋਂ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਮਿਲਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਉਮਰ ਘਬਰਾ ਗਿਆ ਸੀ ਅਤੇ ਧਮਾਕਾ ਅਚਾਨਕ ਹੋਇਆ ਸੀ।
ਅਧਿਕਾਰੀਆਂ ਮੁਤਾਬਕ ਉਮਰ ਇਕੱਲਾ ਸੀ ਅਤੇ ਉਸ ਦਾ ਸ਼ਾਨਦਾਰ ਅਕਾਦਮਿਕ ਰੀਕਾਰਡ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਅੱਠ ਲੋਕਾਂ ’ਚੋਂ ਪਹਿਲੇ ਗਨਾਈ ਨਾਲ ਉਮਰ ਦੀ 2021 ਵਿਚ ਤੁਰਕੀ ਦੀ ਯਾਤਰਾ ਨੇ ਉਸ ਵਿਚ ਨਾਟਕੀ ਤਬਦੀਲੀ ਲਿਆਂਦੀ ਅਤੇ ਇਹੀ ਉਸ ਦੇ ਕੱਟੜਪੰਥੀ ਹੋਣ ਦਾ ਕਾਰਨ ਬਣਿਆ। ਇਹ ਮੰਨਿਆ ਜਾਂਦਾ ਹੈ ਕਿ ਦੋਵੇਂ ਯਾਤਰਾ ਦੌਰਾਨ ਪਾਬੰਦੀਸ਼ੁਦਾ ਜੈਸ਼ ਦੇ ਜ਼ਮੀਨੀ ਕਰਮਚਾਰੀਆਂ ਨਾਲ ਮਿਲੇ ਸਨ।
ਯਾਤਰਾ ਤੋਂ ਬਾਅਦ, ਇਕ ਬਦਲੇ ਹੋਏ ਉਮਰ ਨੇ ਕਥਿਤ ਤੌਰ ਉਤੇ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸਮੇਤ ਵਿਸਫੋਟਕ ਇਕੱਠੇ ਕਰਨਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਅਲ ਫਲਾਹ ਕੈਂਪਸ ਵਿਚ ਅਤੇ ਇਸਦੇ ਆਸ ਪਾਸ ਸਟੋਰ ਕਰਨਾ ਸ਼ੁਰੂ ਕਰ ਦਿਤਾ ਜਿੱਥੇ ਉਹ ਉੱਚ ਸਿੱਖਿਆ ਪ੍ਰਾਪਤ ਕਰ ਰਿਹਾ ਸੀ।
ਅਧਿਕਾਰੀਆਂ ਅਨੁਸਾਰ, ਉਮਰ ਨੇ ਦੂਜਿਆਂ ਨੂੰ ਅਪਣੀ ਦਸੰਬਰ ਦੀ ਅਤਿਵਾਦੀ ਯੋਜਨਾ ਬਾਰੇ ਦਸਿਆ ਅਤੇ ਹੁੰਡਈ ਆਈ-20 ਵਿਚ ਵਿਸਫੋਟਕ ਰੱਖ ਕੇ ਇਸ ਦੀ ਤਿਆਰੀ ਸ਼ੁਰੂ ਕਰ ਦਿਤੀ ਜਿਸ ਨੂੰ ਉਹ 10 ਨਵੰਬਰ ਨੂੰ ਚਲਾ ਰਿਹਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਇਹ ਸੰਭਾਵਨਾ ਹੈ ਕਿ ਉਹ ਇੰਟਰਨੈਟ ਉਤੇ ਉਪਲਬਧ ਖੁੱਲੇ ਸਰੋਤਾਂ ਤੋਂ ਇਸ ਦੇ ਨਿਰਮਾਣ ਅਤੇ ਵਿਸਫੋਟਕ ਸਰਕਟ ਬਾਰੇ ਸਿੱਖਣ ਤੋਂ ਬਾਅਦ ਗੱਡੀ ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਵੀ.ਬੀ.ਆਈ.ਈ.ਡੀ.) ਨੂੰ ਇਕੱਠਾ ਕਰ ਰਿਹਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਉਮਰ 10 ਨਵੰਬਰ ਨੂੰ ਉਸ ਸਮੇਂ ਘਬਰਾ ਗਿਆ ਸੀ ਜਦੋਂ ਫਰੀਦਾਬਾਦ ਦੇ ਇਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਟੈਲੀਵਿਜ਼ਨ ਉਤੇ ਇਹ ਐਲਾਨ ਕੀਤਾ ਸੀ ਕਿ ਫਰੀਦਾਬਾਦ ’ਚ 2,900 ਕਿਲੋਗ੍ਰਾਮ ਵਿਸਫੋਟਕ ਬਰਾਮਦ ਕਰ ਕੇ ਇਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। 2,900 ਕਿਲੋਗ੍ਰਾਮ ਵਿਚ ਗਨਾਈ ਦੀ ਕਿਰਾਏ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ 360 ਕਿਲੋਗ੍ਰਾਮ ਜਲਣਸ਼ੀਲ ਸਮੱਗਰੀ ਸ਼ਾਮਲ ਸੀ।
ਉਮਰ ਨੇ ਸ਼ਹਿਰ ਦੀ ਇਕ ਮਸਜਿਦ ਵਿਚ ਪਨਾਹ ਲਈ, ਜਿੱਥੇ ਉਹ ਸੋਮਵਾਰ ਸ਼ਾਮ ਨੂੰ ਬਾਹਰ ਜਾਣ ਤੋਂ ਪਹਿਲਾਂ ਤਿੰਨ ਘੰਟੇ ਰਿਹਾ। ਇਸ ਤੋਂ ਬਾਅਦ ਧਮਾਕਾ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਵੀ.ਬੀ.ਆਈ.ਈ.ਡੀ. ਵੀ ਅਧੂਰੀ ਸੀ, ਕਿਉਂਕਿ ਇਸ ਵਿਚ ਕਿੱਲਾਂ ਆਦਿ ਨਹੀਂ ਸਨ।