ਅੱਜ ਦਿੱਲੀ-ਜੈਪੁਰ ਹਾਈਵੇਅ ਜਾਮ ਕਰਨਗੇ ਕਿਸਾਨ, ਪੁਲਿਸ ਅਲਰਟ
ਹਾਈਵੇਅ ਦੇ ਨਾਲ-ਨਾਲ ਰੇਲਵੇ ਟਰੈਕ ਅਤੇ ਟੋਲ ਪਲਾਜ਼ਾ ਨੂੰ ਵੀ ਘੇਰਨ ਦੀ ਯੋਜਨਾ ਬਣਾਈ ਗਈ ਹੈ
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ 17ਵੇਂ ਦਿਨ ਵੀ ਜਾਰੀ ਹੈ। ਸਰਕਾਰ ਨਾਲ 5 ਦੌਰ ਦੀ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਹੁਣ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਜਾ ਰਹੇ ਹਨ। ਕਿਸਾਨਾਂ ਨੇ ਅੱਜ ਦਿੱਲੀ-ਜੈਪੁਰ ਰਾਸ਼ਟਰੀ ਹਾਈਵੇਅ 'ਤੇ ਟ੍ਰੈਫਿਕ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਜਿਸ ਨੂੰ ਲੈ ਕੇ ਪੁਲਿਸ ਅਲਰਟ ਹੈ।
ਹਾਈਵੇਅ ਦੇ ਨਾਲ-ਨਾਲ ਰੇਲਵੇ ਟਰੈਕ ਅਤੇ ਟੋਲ ਪਲਾਜ਼ਾ ਨੂੰ ਵੀ ਘੇਰਨ ਦੀ ਯੋਜਨਾ ਬਣਾਈ ਗਈ ਹੈ । ਅਜਿਹੇ ਵਿਚ ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ 'ਤੇ ਲੱਗਭਗ 2,000 ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰ ਦਿੱਤਾ ਹੈ। ਹਰਿਆਣਾ 'ਚ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਘੇਰਨ ਦੀ ਤਿਆਰੀ ਕੀਤੀ ਹੈ। ਲਿਹਾਜ਼ ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਪੁਲਿਸ ਅਲਰਟ 'ਤੇ ਹੈ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਦੱਸ ਦਈਏ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਵੱਡੀ ਗਿਣਤੀ 'ਚ ਆਪਣੇ ਹੱਕਾਂ ਲਈ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਯਾਨੀ ਕਿ 12 ਦਸੰਬਰ ਨੂੰ ਕਿਸਾਨ ਦਿੱਲੀ-ਜੈਪੁਰ ਹਾਈਵੇਅ ਨੂੰ ਬਲਾਕ ਕਰਨਗੇ। ਇਸ ਦੌਰਾਨ ਕਿਸਾਨ ਜ਼ਿਲ੍ਹਾ ਕਲੈਕਟਰ, ਭਾਜਪਾ ਨੇਤਾਵਾਂ ਦੇ ਘਰਾਂ ਸਾਹਮਣੇ ਪ੍ਰਦਰਸ਼ਨ ਕਰਨਗੇ ਅਤੇ ਟੋਲ ਪਲਾਜ਼ਾ ਵੀ ਜਾਮ ਕਰਨਗੇ।