ਲੁੱਟ ਲਈ ਜਨਤਾ ਇਨ੍ਹਾਂ ਟੋਲ ਪਲਾਜ਼ਿਆਂ ਨੇ!
ਸ਼ਾਇਦ ਆਉਣ ਵਾਲੇ ਸਮੇਂ ਵਿਚ ਕੋਈ ਵੀ ਸੜਕ ਨਹੀਂ ਬਚੇਗੀ ਜਿਥੇ ਟੋਲ ਪਲਾਜ਼ਾ ਨਹੀਂ ਹੋਵੇਗਾ
ਮੁਹਾਲੀ: ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਭਲਾਈ ਲਈ ਕੰਮ ਕਰੇ ਪਰ ਅੱਜ ਦੀਆਂ ਸਰਕਾਰਾਂ ਲੋਕ ਭਲਾਈ ਘੱਟ ਤੇ ਜਨਤਾ ਦੀ ਲੁੱਟ ਵੱਧ ਕਰਨ ਵਿਚ ਲਗੀਆਂ ਹੋਈਆਂ ਹਨ। ਅੱਜ ਜਿੱਧਰ ਵੀ ਵੇਖੋ ਭਾਵੇਂ ਉਹ ਕੋਰਟ-ਕਚਹਿਰੀ, ਸੜਕਾਂ, ਹਸਪਤਾਲ ਵਿਦਿਅਕ ਅਦਾਰੇ ਹੋਣ, ਹਰ ਪਾਸੇ ਜਨਤਾ ਦੀ ਲੁੱਟ ਹੋ ਰਹੀ ਹੈ। ਇਥੋਂ ਤਕ ਕਿ ਤੁਸੀ ਕਿਤੇ ਮਾਰਕੀਟ ਵਿਚ ਸੌਦਾ ਲੈਣ ਚਲੇ ਜਾਉ, ਉਥੇ ਵੀ ਪਾਰਕਿੰਗ ਵਾਲੇ ਤੁਹਾਨੂੰ ਭੁੱਖੇ ਬਘਿਆੜ ਵਾਂਗ ਪੈਂਦੇ ਹਨ। ਸੌਦਾ ਤੁਹਾਨੂੰ ਮਿਲੇ ਜਾਂ ਨਾ ਪਰ ਪਾਰਕਿੰਗ ਵਾਲੇ ਤੁਹਾਡੀ ਲੁੱਟ ਜ਼ਰੂਰ ਕਰ ਲੈਂਦੇ ਹਨ। ਜਿਥੇ ਵਿਦਿਆ ਦੇ ਕੰਮ ਵਿਚ ਸਿਖਿਆ ਮਾਫ਼ੀਆ, ਟਰਾਂਸਪੋਰਟ ਦੇ ਕੰਮ ਵਿਚ ਟਰਾਂਸਪੋਰਟ ਮਾਫ਼ੀਆ, ਹਸਪਤਾਲ ਵਿਚ ਨਿਜੀ ਹਸਪਤਾਲਾਂ ਨੇ ਲੁਟ ਮਚਾਈ ਹੋਈ ਹੈ ਅਤੇ ਸੜਕਾਂ ਦਾ ਕੰਮ ਟੋਲ ਪਲਾਜ਼ੇ ਵਾਲਿਆਂ ਨੇ ਸਾਂਭਿਆ ਹੋਇਆ ਹੈ।
ਮਿਸਾਲ ਦੇ ਤੌਰ ਤੇ ਤੁਸੀ ਚੰਡੀਗੜ੍ਹ ਤੋਂ ਕਿਸੇ ਵੀ ਪਾਸੇ ਜਾਣਾ ਹੈ ਤਾਂ ਹਰ ਪਾਸੇ ਟੋਲ ਪਲਾਜ਼ਿਆਂ ਦਾ ਹੜ੍ਹ ਜਿਹਾ ਆ ਗਿਆ ਜਾਪਦਾ ਹੈ। ਪਹਿਲਾਂ ਤਾਂ ਤੁਸੀ ਮਹਿੰਗੇ ਭਾਅ ਦੀ ਡੀਜ਼ਲ ਜਾਂ ਪਟਰੌਲ ਪਵਾਉਂਦੇ ਹੋ। ਇਸ ਤੋਂ ਇਲਾਵਾ ਟੋਲ ਪਲਾਜ਼ੇ ਦੇ ਖ਼ਰਚੇ ਤੁਹਾਡੀ ਜੇਬ ਨੂੰ ਭਾਰੀ ਸੰਨ੍ਹ ਲਗਾਉਂਦੇ ਹਨ। ਜੇਕਰ ਤੁਸੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾਣਾ ਹੈ ਤਾਂ ਪੰਜ ਟੋਲ ਪਲਾਜ਼ੇ ਰਸਤੇ ਵਿਚ ਆਉਂਦੇ ਹਨ ਜਿਥੇ ਤੁਹਾਡੀ ਜੇਬ ਖ਼ਾਲੀ ਕੀਤੀ ਜਾਂਦੀ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਸਰਕਾਰ ਨੇ ਚਾਰ ਮਾਰਗੀ ਤੇ ਛੇ ਮਾਰਗੀ ਸੜਕਾਂ ਬਣਾ ਦਿਤੀਆਂ ਹਨ ਪਰ ਇਹ ਸਾਰੀਆਂ ਜਨਤਾ ਦਾ ਖ਼ੂਨ ਚੂਸ ਕੇ ਹੀ ਬਣਾਈਆਂ ਗਈਆਂ ਹਨ। ਸਰਕਾਰ ਵਿਚ ਸ਼ਾਮਲ ਲੋਕੀ ਇਨ੍ਹਾਂ ਤੋਂ ਕਮਾਈ ਜ਼ਰੂਰ ਕਰ ਰਹੇ ਹਨ। ਅਸੀ ਇਕ ਵਾਰ ਅੰਮ੍ਰਿਤਸਰ ਜਾ ਰਹੇ ਸੀ ਤਾਂ ਦੋ ਜਗ੍ਹਾ ਤੇ ਟੋਲ ਪਲਾਜ਼ਿਆਂ ਤੇ ਲੰਮੀਆਂ ਲਾਈਨਾਂ ਲਗੀਆਂ ਹੋਈਆਂ ਸਨ ਜਿਸ ਕਾਰਨ ਬਹੁਤ ਸਾਰੀਆਂ ਗੱਡੀਆਂ ਨੂੰ ਹੱਥੋਂ ਹੱਥੀ ਪੈਸੇ ਲੈ ਕੇ ਕਢਿਆ ਜਾ ਰਿਹਾ ਸੀ ਜਿਸ ਦੀ ਕੋਈ ਰਸੀਦ ਨਹੀਂ ਸੀ ਦਿਤੀ ਜਾ ਰਹੀ। ਇਸ ਤੋਂ ਸਪੱਸ਼ਟ ਸੀ ਕਿ ਇਹ ਚੋਰ ਬਾਜ਼ਾਰੀ ਹੋ ਰਹੀ ਹੈ।
ਹੁਣ ਟੋਲ ਪਲਾਜ਼ਿਆਂ ਤੇ ਫ਼ਾਸਟ ਟੈਗ ਸ਼ੁਰੂ ਕਰ ਦਿਤਾ ਗਿਆ ਹੈ ਪਰ ਜਿਨ੍ਹਾਂ ਲੋਕਾਂ ਨੇ ਇਹ ਨਹੀਂ ਲਗਾਇਆ ਹੋਇਆ, ਉਨ੍ਹਾਂ ਦੀ ਦੂਜੀ ਲੁੱਟ ਕੀਤੀ ਜਾ ਰਹੀ ਹੈ। ਗੱਲ ਕਾਹਦੀ ਕਿ ਸਰਕਾਰ ਲੋਕਾਂ ਨੂੰ ਲੁੱਟਣ ਲਈ ਨਵੇਂ ਤੋਂ ਨਵੇਂ ਰਾਹ ਲਭਦੀ ਰਹਿੰਦੀ ਹੈ। ਪਹਿਲਾਂ ਜਦੋਂ ਕੋਈ ਸਕੂਟਰ ਜਾਂ ਗੱਡੀ ਲੈਂਦਾ ਹੈ ਤਾਂ ਉਸ ਵੇਲੇ ਉਸ ਉਤੇ ਰੋਡ ਟੈਕਸ ਦੇ ਨਾਮ ਉਤੇ ਹਜ਼ਾਰ ਰੁਪਏ ਲੈ ਲਏ ਜਾਂਦੇ ਹਨ। ਕੀ ਸਰਕਾਰ ਦਸੇਗੀ ਕਿ ਜਿਹੜੇ ਰੋਡ ਟੈਕਸ ਲਏ ਜਾਂਦੇ ਹਨ, ਇਹ ਕਿਹੜੀਆਂ ਸੜਕਾਂ ਤੇ ਗੱਡੀਆਂ ਚਲਾਉਣ ਲਈ ਲਏ ਜਾ ਰਹੇ ਹਨ, ਜਦੋਂ ਕਿ ਨੈਸ਼ਨਲ ਤੇ ਰਾਜ ਮਾਰਗਾਂ ਤੇ ਟੋਲ ਟੈਕਸ ਲਾਗੂ ਕਰ ਦਿਤੇ ਗਏ ਹਨ। ਜਿਹੜੀਆਂ ਪਿੰਡਾਂ ਵਿਚ ਸੜਕਾਂ ਬਣਾਈਆਂ ਜਾਂਦੀਆਂ ਹਨ, ਉਹ ਮੰਡੀਕਰਨ ਬੋਰਡ ਬਣਾ ਰਿਹਾ ਹੈ, ਜਿਹੜੀਆਂ ਕਿ ਕਿਸਾਨਾਂ ਤੋਂ ਜਿਹੜੀ ਫ਼ੀਸ ਲਈ ਜਾਂਦੀ ਹੈ, ਉਸ ਨਾਲ ਬਣਦੀਆਂ ਹਨ। ਫਿਰ ਕਿਹੜੀਆਂ ਉਹ ਸੜਕਾਂ ਹਨ, ਜਿਨ੍ਹਾਂ ਦੀ ਘਸਾਈ ਲਈ ਇਹ ਹਜ਼ਾਰਾਂ ਰੁਪਏ ਦੇ ਰੋਡ ਟੈਕਸ ਲਏ ਜਾ ਰਹੇ ਹਨ। ਉਪਰੋਂ ਬੀਮਾ ਕੰਪਨੀਆਂ ਵਾਲੇ ਹਰ ਸਾਲ ਬੀਮੇ ਦੀਆਂ ਰਕਮਾਂ ਵਧਾਈ ਜਾ ਰਹੇ ਹਨ। ਜੇਕਰ ਇਨ੍ਹਾਂ ਟੋਲ ਪਲਾਜ਼ੇ ਵਾਲੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਾ ਹਾਲ ਇਹ ਹੈ ਕਿ ਇਹ ਅਜੇ ਅਧੂਰੀਆਂ ਹੀ ਹੁੰਦੀਆਂ ਹਨ।
ਜਦੋਂ ਇਨ੍ਹਾਂ ਤੇ ਟੋਲ ਪਲਾਜ਼ੇ ਰਾਹੀਂ ਲੋਕਾਂ ਦੀ ਲੁੱਟ ਸ਼ੁਰੂ ਕਰ ਦਿਤੀ ਜਾਂਦੀ ਹੈ। ਸੱਭ ਤੋਂ ਪਹਿਲਾਂ ਪਾਣੀਪਤ ਜਲੰਧਰ ਸੜਕ ਦੀ ਗੱਲ ਕਰੀਏ ਤਾਂ ਇਹ ਸੜਕ ਵਾਜਪਾਈ ਦੀ ਸਰਕਾਰ ਵੇਲੇ ਸ਼ੁਰੂ ਕਰ ਦਿਤੀ ਗਈ ਹੈ ਜਿਹੜੀ ਕਿ 20 ਸਾਲ ਪੂਰੇ ਹੋਣ ਤੇ ਅਜੇ ਵੀ ਅਧੂਰੀ ਹੈ। ਰਾਜਪੁਰੇ ਲਾਗੇ ਪੁਲ ਅਜੇ ਉਸਾਰੀ ਅਧੀਨ ਹੈ। ਲੁਧਿਆਣਾ ਸ਼ਹਿਰ ਵਿਚ ਇਸ ਦਾ ਇਕ ਪੁਲ ਬਣਨ ਵਾਲਾ ਹੈ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਦਾ ਫਲਾਈਓਵਰ ਅਧੂਰਾ ਪਿਆ ਹੋਇਆ ਹੈ। ਰਾਮਾ ਮੰਡੀ ਦਾ ਪੁਲ ਹੁਣੇ ਹੀ ਪੂਰਾ ਹੋਇਆ ਹੈ। ਜਿਹੜਾ ਪੁਲ ਪੀ.ਏ.ਪੀ. ਚੌਕ ਤੇ ਬਣਾਇਆ ਹੈ, ਉਸ ਤੇ ਰੋਜ਼ ਹਾਦਸੇ ਹੁੰਦੇ ਹਨ। ਗੱਲ ਕਾਹਦੀ ਕਿ ਇਸ ਸੜਕ ਤੇ ਕਰੋੜਾਂ ਰੁਪਏ ਟੋਲ ਪਲਾਜ਼ੇ ਦੇ ਨਾਮ ਤੇ ਲਏ ਜਾ ਰਹੇ ਹਨ ਪਰ ਸੜਕ ਦਾ ਗੱਲ ਮੁੱਦਾ ਹੈ। ਇਸ ਤੋਂ ਇਲਾਵਾ ਸਰਹੰਦ ਤੋਂ ਲੁਧਿਆਣਾ ਤਕ ਕਈ ਜਗ੍ਹਾ ਸੜਕ ਟੁੱਟ ਚੁੱਕੀ ਹੈ ਜਿਸ ਦੀ ਮੁਰੰਮਤ ਨਹੀਂ ਕੀਤੀ ਜਾਂਦੀ। ਜੇਕਰ ਅਸੀ ਦੋਰਾਹਾ ਲੁਧਿਆਣਾ ਸੜਕ ਦੀ ਗੱਲ ਕਰੀਏ ਤਾਂ ਇਸ ਸੜਕ ਤੇ ਦੋਰਾਹੇ ਲਾਗੇ ਲਾਈਨ ਤੇ ਫਲਾਈਓਵਰ ਅਜੇ ਬਣਨਾ ਹੈ ਪਰ ਲੋਕਾਂ ਤੋਂ ਰਕਮ ਦੀ ਉਗਰਾਹੀ ਕੀਤੀ ਜਾ ਰਹੀ ਹੈ। ਬਰਨਾਲਾ ਮੋਗਾ ਸੜਕ ਤੇ ਵੀ ਰੇਲਵੇ ਲਾਈਨ ਤੇ ਪੁਲ ਬਣਨ ਵਾਲਾ ਹੈ।
ਬਠਿੰਡਾ ਤੋਂ ਅੰਮ੍ਰਿਤਸਰ ਵਾਲੀ ਸੜਕ ਤੇ ਮੱਖੂ ਲਾਗੇ ਰੇਲਵੇ ਲਾਈਨ ਤੇ ਫਲਾਈਓਵਰ ਅਜੇ ਤਕ ਨਹੀਂ ਬਣਿਆ। ਪਰ ਤੂੰ ਕਈ ਸਾਲ ਤੋਂ ਇਸ ਸੜਕ ਤੇ ਟੋਲ ਉਗਰਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਵਿਚ ਜਿਹੜੀਆਂ ਸਰਵਿਸ ਰੋਡ ਬਣਾਈਆਂ ਗਈਆਂ ਹਨ, ਉਹ ਟੁਟੀਆਂ ਪਈਆਂ ਹਨ। ਕਿਸੇ ਦੀ ਕੋਈ ਮੁਰੰਮਤ ਨਹੀਂ ਕੀਤੀ ਜਾ ਰਹੀ, ਕਈ ਜਗ੍ਹਾ ਸੜਕ ਵਿਚ ਟੋਏ ਪਏ ਹੋਏ ਹਨ। ਲੁਧਿਆਣਾ ਤੋਂ ਤਲਵੰਡੀ ਭਾਈ ਤਕ ਚਾਰ ਮਾਰਗੀ ਸੜਕ ਕਈ ਸਾਲਾਂ ਤੋਂ ਬਣ ਰਹੀ ਹੈ। ਪਰ ਮੋਗੇ ਤੋਂ ਤਲਵੰਡੀ ਭਾਈ ਤਕ ਦੋ ਪੁਲ ਬਣਨ ਵਾਲੇ ਰਹਿੰਦੇ ਇਸ ਤੋਂ ਇਲਾਵਾ ਮੋਗਾ-ਮੁਲਾਂਪੁਰ-ਜਗਰਾਉਂ ਤੇ ਸ਼ਹਿਰਾਂ ਵਿਚ ਜਿਹੜੀ ਸਾਈਡਾਂ ਤੇ ਸੜਕਾਂ ਬਣਾਈਆਂ ਗਈਆਂ। ਉਹ ਅਜੇ ਅਧੂਰੀਆਂ ਪਈਆਂ ਹੋਈਆਂ ਹਨ, ਭਾਵੇਂ ਇਸ ਸੜਕ ਤੇ ਅਜੇ ਟੋਲ ਪਲਾਜ਼ਾ ਸ਼ੁਰੂ ਨਹੀਂ ਕੀਤਾ ਗਿਆ ਪਰ ਟੋਲ ਪਲਾਜ਼ੇ ਬਣ ਕੇ ਤਿਆਰ ਜ਼ਰੂਰ ਹੋ ਚੁੱਕੇ ਹਨ। ਰੋਪੜ ਤੋਂ ਆਨੰਦਪੁਰ ਸਾਹਿਬ ਵਾਲੀ ਸੜਕ ਟੁਟੀ ਪਈ ਹੈ।
ਪਿਛਲੇ ਦਿਨੀਂ ਛਪਿਆ ਸੀ ਕਿ ਰਾਸ਼ਟਰੀ ਹਾਈਵੇਅ ਅਥਾਰਟੀ ਵਲੋਂ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕਿਉਂਕਿ ਜਿਹੜੀਆਂ ਕੰਪਨੀਆਂ ਇਹ ਠੇਕੇ ਲੈਂਦੀਆਂ ਹਨ, ਉਹ ਵੱਡੇ-ਵੱਡੇ ਲੀਡਰਾਂ ਤੇ ਉੱਚ ਅਧਿਕਾਰੀਆਂ ਨੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਦੀਆਂ ਹੁੰਦੀਆਂ ਹਨ ਜਿਸ ਕਾਰਨ ਇਹ ਬਹੁਤੀ ਪ੍ਰਵਾਹ ਨਹੀਂ ਕਰਦੀਆਂ। ਲੁਧਿਆਣਾ ਤੇ ਚੰਡੀਗੜ੍ਹ ਚਹੁੰ-ਮਾਰਗੀ ਜਿਹੜੀ ਸਿੰਬਰ-2018 ਤਕ ਪੂਰੀ ਹੋਣੀ ਸੀ, ਉਹ ਅੱਜ ਤਕ ਵਿਚੇ ਹੀ ਖੜੀ ਹੋਈ ਹੈ ਕਿਉਂਕਿ ਸਰਕਾਰ ਨੇ ਤੇ ਕੰਪਨੀਆਂ ਨੇ ਬੜੀ ਚਲਾਕੀ ਨਾਲ ਇਹ ਸ਼ਰਤ ਪਾਈ ਹੋਈ ਕਿ ਜਦੋਂ ਕੋਈ ਪ੍ਰਾਜੈਕਟ ਦਾ 90 ਫ਼ੀ ਸਦੀ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਸ ਤੇ ਟੋਲ ਪਲਾਜ਼ੇ ਦੀ ਉਗਰਾਹੀ ਸ਼ੁਰੂ ਕਰ ਦਿਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਪੁਲ ਤੇ ਕੋਈ ਹੋਰ ਕੰਮ ਛੱਡ ਕੇ ਬਾਕੀ ਕੰਮ ਕਰ ਲੈਦੀਆਂ ਹਨ ਤਾਕਿ ਟੋਲ ਦੀ ਉਗਰਾਹੀ ਸ਼ੁਰੂ ਕੀਤੀ ਜਾ ਸਕੇ ਜਿਸ ਕਾਰਨ ਇਹ ਪੁਲ ਕਈ ਸਾਲਾਂ ਤਕ ਵਿਚਾਲੇ ਹੀ ਲਮਕਦੇ ਰਹਿੰਦੇ ਹਨ। ਇਨ੍ਹਾਂ ਅਧੂਰੇ ਪਏ ਕੰਮਾਂ ਕਰ ਕੇ ਕਈ ਲੋਕਾਂ ਨੂੰ ਅਪਣੀਆਂ ਜਾਨਾਂ ਗੁਆਉਣੀਆਂ ਪੈਂਦੀਆਂ ਹਨ।
ਕਈ ਵਾਰ ਇਹ ਕੰਪਨੀਆਂ ਵਾਲੇ ਗ਼ਲਤ ਕੰਮ ਕਰਦੇ ਹਨ ਤੇ ਬਾਅਦ ਵਿਚ ਸੋਧੇ ਨਕਸ਼ੇ ਪੇਸ਼ ਕਰ ਦਿੰਦੇ ਹਨ ਤੇ ਜਿਸ ਨਾਲ ਕੰਪਨੀਆਂ ਨੂੰ ਕਾਫ਼ੀ ਸਮਾਂ ਮਿਲ ਜਾਂਦਾ ਹੈ ਤੇ ਪੈਸੇ ਵੀ ਹੋਰ ਮਿਲ ਜਾਂਦੇ ਹਨ ਜੇਕਰ ਅਸੀ ਖਰੜ ਦੀ ਗੱਲ ਕਰੀਏ ਤਾਂ ਇਹ ਪੁਲ ਕਈ ਥਾਵਾਂ ਤੋਂ ਹੇਠ ਲਿਆ ਕੇ ਉਪਰ ਚੁਕਿਆ ਗਿਆ ਹੈ ਜਿਸ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਹੋਵੇਗੀ। ਅਮਰੀਕਾ ਵਿਚ ਰਹਿੰਦੇ ਮੇਰੇ ਇਕ ਰਿਸ਼ੇਤਦਾਰ ਨੇ ਦਸਿਆ ਜਿਹੜਾ ਉਥੇ ਬੀ.ਐਂਡ.ਆਰ. ਵਿਚ ਲੱਗਾ ਹੋਇਆ ਹੈ ਕਿ ਜਦੋਂ ਵੀ ਕੋਈ ਉਥੇ ਸੜਕ ਜਾਂ ਪੁਲ ਬਣਾਉਣਾ ਹੁੰਦਾ ਹੈ ਤਾਂ ਜਿਸ ਜਗ੍ਹਾ ਤੇ ਬਣਨਾ ਹੁੰਦਾ ਹੈ, ਉਨ੍ਹਾਂ ਨੂੰ ਸਾਰੇ ਭਾਗ ਤੋਂ ਮੁਕਤ ਕਰ ਕੇ ਫਿਰ ਠੇਕਾ ਦਿਤਾ ਜਾਂਦਾ ਹੈ, ਇਹੀ ਕਾਰਨ ਹੈ ਕਿ ਉਥੇ ਠੇਕੇਦਾਰ ਸਮੇਂ ਸਿਰ ਕੰਮ ਮੁਕਾ ਲੈਂਦੀ ਹੈ। ਪ੍ਰੰਤੂ ਸਾਡੇ ਸੜਕ ਜਾਂ ਕਈ ਪ੍ਰਾਜੈਕਟ ਬਣਨਾ ਹੁੰਦਾ ਹੈ, ਉਥੇ ਕੰਮ ਸ਼ੁਰੂ ਕਰਵਾ ਦਿਤਾ ਜਾਂਦਾ ਹੈ ਬਾਅਦ ਵਿਚ ਇਨ੍ਹਾਂ ਸੜਕਾਂ ਜਾਂ ਪੁਲਾਂ ਵਾਲੀ ਜਗ੍ਹਾ ਤੇ ਲੋਕ ਕੇਸ ਕਰ ਦਿੰਦੇ ਹਨ ਜਿਸ ਕਾਰਨ ਇਹ ਪ੍ਰਾਜੈਕਟ ਵਿਚਾਲੇ ਹੀ ਰੁੱਕ ਜਾਂਦਾ ਹੈ ਜਿਸ ਦਾ ਸਬੂਤ ਰੋਪੜ ਤੋਂ ਫਗਵਾੜੇ ਵਿਚਕਾਰ ਬਣਨ ਵਾਲੀ ਸੜਕ ਦਾ ਕੰਮ ਸਾਡੇ ਸਾਮਹਣੇ ਹੋ ਰਿਹਾ ਹੈ ਜਿਥੇ ਬੰਗਾ ਵਿਚ ਦੋਵੇਂ ਪਾਸੇ ਪੁਲ ਬਣ ਚੁਕਾ ਹੈ ਪਰ ਵਿਚਕਾਰ ਜਾ ਕੇ ਕੰਮ ਰੁਕ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸੜਕ ਤੇ ਵੀ ਟੋਲ ਪਲਾਜ਼ੇ ਬਣ ਕੇ ਤਿਆਰ ਹੋ ਚੁੱਕੇ ਹਨ ਤਾਕਿ ਲੋਕਾਂ ਦੀ ਲੁਟ ਸ਼ੁਰੂ ਕੀਤੀ ਜਾ ਸਕੇ। ਚਾਹੀਦਾ ਤਾਂ ਇਹ ਹੈ ਕਿ ਜਿੰਨਾ ਚਿਰ ਕੰਮ ਪੂਰਾ ਨਹੀਂ ਹੋ ਜਾਂਦਾ, ਉਨਾ ਚਿਰ ਟੋਲ ਦੀ ਉਗਰਾਹੀ ਦੀ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ ਜਿਸ ਨਾਲ ਕੰਪਨੀ ਨੂੰ ਪਤਾ ਹੋਵਗਾ ਕਿ ਜੇਕਰ ਅਸੀ ਕੰਮ ਪੂਰਾ ਕਰਾਂਗੇ ਤਾਂ ਹੀ ਉਗਰਾਹੀ ਸ਼ੁਰੂ ਹੋ ਸਕਾਂਗੇ ਜਿਸ ਨਾਲ ਪ੍ਰਾਜੈਕਟ ਦਾ ਕੰਮ ਸਮੇਂ ਸਿਰ ਹੋਵੇਗਾ। ਗੱਲ ਕਾਹਦੀ ਕਿ ਪੰਜਾਬ ਵਿਚ ਜਿੰਨੇ ਵੀ ਚਹੁੰ ਮਾਰਗੀ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ, ਕੋਈ ਵੀ ਪੂਰਾ ਨਹੀਂ ਹੋਇਆ ਪਰ ਉਨ੍ਹਾਂ ਵਿਚੋਂ ਬਹੁਤਿਆਂ ਨੇ ਉਗਰਾਹੀ ਕੀਤੀ ਜਾ ਰਹੀ ਹੈ ਜਿਹੜੇ ਸਿੱਧਾ ਹੀ ਲੋਕਾਂ ਨਾਲ ਧੋਖਾ ਹੈ। ਜਿਹੜੇ ਚਾਰ-ਮਾਰਗੀ ਜਾਂ ਛੇ-ਮਾਰਗੀ ਕੰਮ ਚੱਲ ਰਹੇ ਹਨ। ਉਨ੍ਹਾਂ ਵਿਚ ਅਧਿਕਾਰੀ ਤੇ ਲੀਡਰਾਂ ਨੇ ਭਾਰੀ ਕਮਾਈਆਂ ਕੀਤੀਆ ਹਨ ਕਿਉਂਕਿ ਉਹ ਅਧਿਕਾਰੀ ਤੇ ਲੀਡਰ ਰਲ ਕੇ ਸਸਤੇ ਭਾਅ ਜ਼ਮੀਨ ਖ਼ਰੀਦ ਲੈਂਦੇ ਹਨ, ਫਿਰ ਉਨ੍ਹਾਂ ਨੂੰ ਮਹਿੰਗੇ ਭਾਅ ਤੇ ਸਰਕਾਰ ਨੂੰ ਵੇਚ ਦਿੰਦੇ ਹਨ।
ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਬਣਨ ਵਾਲੀ ਚਾਰ ਮਾਰਗੀ ਸੜਕ ਇਸ ਲੁੱਟ ਦਾ ਸ਼ਿਕਾਰ ਹੋ ਕੇ ਰਹਿ ਗਈ। ਇਹੀ ਸੜਕ ਅੰਮ੍ਰਿਤਸਰ ਤੋਂ ਮਹਿਤਾ ਚੌਕ, ਹਰਗੋਬਿੰਦਪੁਰਾ ਟਾਂਡਾ ਤੇ ਹੁਸ਼ਿਆਰਪੁਰ ਤਕ ਬਣਨੀ ਸੀ। ਜਦੋਂ ਇਸ ਦਾ ਪਤਾ ਲੱਗਾ ਤਾਂ ਹੁਸ਼ਿਆਰਪੁਰ ਦੇ ਕੁੱਝ ਅਧਿਕਾਰੀਆਂ ਤੇ ਲੀਡਰਾਂ ਨੇ ਰਲ ਕੇ ਕਰੋੜਾਂ ਦਾ ਘਪਲਾ ਕੀਤਾ ਜਿਸ ਦਾ ਕੇਸ ਅੱਜ ਵੀ ਸ਼ਾਇਦ ਅਦਾਲਤ ਵਿਚ ਚੱਲ ਰਿਹਾ ਹੈ ਭਾਵੇਂ ਕਿ ਇਸ ਸੜਕ ਦਾ ਨੀਂਹ ਪੱਥਰ ਸ਼ਹਿਰੀ ਆਵਾਜਾਈ ਮੰਤਰੀ ਸ੍ਰੀ ਗਡਕਰੀ ਤੇ ਸ੍ਰੀ ਸ਼ਰਦ ਪਵਾਰ ਨੇ ਰਖਿਆ ਤੇ ਇਹ ਕਿਹਾ ਸੀ ਕਿ ਇਹ ਸੜਕ ਬੜੀ ਛੇਤੀ ਬਣ ਕੇ ਤਿਆਰ ਹੋ ਜਾਵੇਗੀ ਕਿਉਂਕਿ ਇਸ ਸੜਕ ਉਤੇ ਭਗਤ ਨਾਮਦੇਵ ਜੀ ਦਾ ਇਤਿਹਾਸਕ ਪਿੰਡ ਘੁਮਾਣ ਦੀ ਆਉਂਦਾ ਹੈ। ਪਿਛਲੇ ਸਾਲਾਂ ਵਿਚ ਕੇਂਦਰ ਸਰਕਾਰ ਵਲੋਂ ਕੁੱਝ ਹੋਰ ਰਾਜ ਮਾਰਗਾਂ ਨੂੰ ਰਾਸ਼ਟਰੀ ਮਾਰਗ ਬਣਾ ਦਿਤਾ ਗਿਆ ਹੈ। ਇਨ੍ਹਾਂ ਮਾਰਗਾਂ ਤੇ ਵੀ ਸੜਕਾਂ ਦੇ ਦੋਵੇਂ ਪਾਸੇ ਤਿੰਨ-ਤਿੰਨ ਫ਼ੁਟ ਸੜਕਾਂ ਚੌੜੀਆਂ ਕਰ ਕੇ ਨਵੇਂ ਟੋਲ ਪਲਾਜ਼ੇ ਲਗਾਏ ਗਏ ਹਨ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਟੋਲ ਪਲਾਜ਼ਿਆਂ ਦੀ ਰਕਮ ਘਟਾਈ ਜਾਣੀ ਚਾਹੀਦੀ ਹੈ ਪਰ ਹੋ ਇਸ ਤੋਂ ਉਲਟ ਰਿਹਾ ਹੈ।
ਹਰ ਇਕ ਟੋਲ ਪਲਾਜ਼ੇ ਦੀ ਕੀਮਤ 100 ਤੋਂ 150-200 ਰੁਪਏ ਹੈ। ਸਾਡੇ ਦੇਸ਼ ਦੀਆਂ ਅਦਾਲਤਾਂ ਨੂੰ ਚਾਹੀਦਾ ਹੈ ਕਿ ਉਹ ਇਸ ਵਿਚ ਦਖ਼ਲ ਦੇਵੇ ਤੇ ਜਦੋਂ ਤਕ 100 ਫ਼ੀ ਸਦੀ ਕੰਮ ਨਹੀਂ ਹੋ ਜਾਂਦਾ ਉਦੋਂ ਤਕ ਟੋਲ ਨਹੀਂ ਲਗਾਉਣਾ ਚਾਹੀਦਾ ਤੇ ਲਗਾਇਆ ਵੀ ਨਾਮਾਤਰ ਕੀਮਤ ਤੇ ਚਾਹੀਦਾ ਹੈ। ਇਸੇ ਤਰ੍ਹਾਂ ਟੋਲ ਪਲਾਜ਼ਿਆਂ ਵਾਲਿਆਂ ਨੇ ਗੁੰਡੇ ਵੀ ਰੱਖੇ ਹੋਏ ਹੁੰਦੇ ਹਨ, ਜੋ ਵੀ ਟੋਲ ਵਾਲਿਆਂ ਨਾਲ ਕੋਈ ਜ਼ਿਆਦਤੀ ਵਿਰੁਧ ਬੋਲੇ ਤਾਂ ਉਸ ਦੀ ਕੁੱਟ ਮਾਰ ਕਰ ਦਿਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਟੋਲ ਪਲਾਜ਼ਿਆਂ ਉਤੇ ਕੋਈ ਵੀ ਗੱਡੀ 3 ਮਿੰਨਟ ਤੋਂ ਵੱਧ ਨਹੀਂ ਰੁਕਦੀ ਪਰ ਕਈ ਵਾਰ 10 ਤੋਂ 15 ਮਿੰਟ ਵੀ ਲੱਗ ਜਾਂਦੇ ਹਨ ਜਿਸ ਕਾਰਨ ਲੋਕਾਂ ਦਾ ਫ਼ਾਲਤੂ ਹੀ ਪਟਰੌਲ, ਡੀਜ਼ਲ ਸੜਦਾ ਹੈ। ਪਹਿਲਾਂ-ਪਹਿਲਾਂ ਤਾਂ ਕੁੱਝ ਸਮੇਂ ਵਾਸਤੇ ਹੀ ਇਹ ਟੋਲ ਪਲਾਜ਼ੇ ਲਗਾਏ ਗਏ ਸਨ ਪਰ ਹੁਣ ਪਤਾ ਲੱਗਾ ਹੈ ਕਿ ਇਹ ਸਦਾ ਲਈ ਹੀ ਲੋਕਾਂ ਦੀ ਲੁੱਟ ਕਰਦੇ ਰਹਿਣਗੇ। ਸ਼ਾਇਦ ਆਉਣ ਵਾਲੇ ਸਮੇਂ ਵਿਚ ਕੋਈ ਵੀ ਸੜਕ ਨਹੀਂ ਬਚੇਗੀ ਜਿਥੇ ਟੋਲ ਪਲਾਜ਼ਾ ਨਹੀਂ ਹੋਵੇਗਾ।
ਬਖ਼ਸ਼ੀਸ਼ ਸਿੰਘ ਸਭਰਾ, ਸੰਪਰਕ : 94646-96083