ਗੋਆ: ਮਮਤਾ ਬੈਨਰਜੀ ਦਾ ਵਾਅਦਾ - ਸੱਤਾ ’ਚ ਆਉਣ ’ਤੇ ਔਰਤਾਂ ਨੂੰ ਮਿਲਣਗੇ 5,000 ਰੁਪਏ ਪ੍ਰਤੀ ਮਹੀਨਾ
ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ।
ਗੋਆ - ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਾਅਦੇ ਕਰ ਰਹੀਆਂ ਹਨ। ਹੁਣ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਐਲਾਨ ਕੀਤਾ ਹੈ ਕਿ ਜੇਕਰ ਗੋਆ ’ਚ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ‘ਗ੍ਰਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਨਗੇ। ਇਸ ਯੋਜਨਾ ਤਹਿਤ ਹਰ ਘਰ ਦੀ ਮਹਿਲਾ ਮੈਂਬਰ ਨੂੰ ਹਰ ਮਹੀਨੇ 5,000 ਰੁਪਏ ਦਿੱਤੇ ਜਾਣਗੇ।
ਟੀ. ਐੱਮ. ਸੀ. ਸੁਪਰੀਮੋ ਨੇ ਮਮਤਾ ਬੈਨਰਜੀ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ 'ਮੈਨੂੰ ਗ੍ਰਹਿ ਲਕਸ਼ਮੀ ਯੋਜਨਾ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਜੋ ਗੋਆ ਦੇ ਹਰ ਘਰ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਦਾ ਸਾਡਾ ਪੱਕਾ ਵਾਅਦਾ ਹੈ। ਇਸ ਯੋਜਨਾ ਤਹਿਤ ਗੋਆ ’ਚ ਹਰੇਕ ਪਰਿਵਾਰ ਦੀ ਸੀਨੀਅਰ ਔਰਤ ਨੂੰ 5,000 ਪ੍ਰਤੀ ਮਹੀਨਾ (60,000 ਰੁਪਏ ਸਾਲਾਨਾ) ਦੀ ਇਕ ਨਿਸ਼ਚਿਤ ਮਹੀਨਾਵਾਰ ਆਮਦਨ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਓਧਰ ਪਣਜੀ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਟੀ. ਐੱਮ. ਸੀ. ਸੰਸਦ ਮੈਂਬਰ ਗੋਆ ਮੁਖੀ ਮਹੂਆ ਮੋਇਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਗੋਆ ’ਚ ਸਾਰੀਆਂ ਔਰਤਾਂ ਦੇ ਲਾਭ ਲਈ ਕੰਮ ਕਰੇਗੀ। ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ। ਗ੍ਰਹਿ ਲਕਸ਼ਮੀ ਯੋਜਨਾ ’ਤੇ ਸਰਕਾਰ ਨੂੰ ਲੱਗਭਗ 1500-2000 ਕਰੋੜ ਰੁਪਏ ਦਾ ਖਰਚ ਆਵੇਗਾ, ਜੋ ਕਿ ਸੂਬੇ ਦਾ 6-8 ਫ਼ੀਸਦੀ ਹੈ।