Maharashtra News: ਸੱਸ ਨਾਲ ਝਗੜੇ ਮਗਰੋਂ ਔਰਤ ਨੇ ਅਪਣੇ ਇਕ ਸਾਲਾ ਬੱਚੇ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਮਾਰਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

Maharashtra News: ਬੱਚੇ ਦੀ ਬਿਮਾਰੀ ਨੂੰ ਲੈ ਕੇ ਹੋਇਆ ਸੀ ਸੱਸ ਨਾਲ ਝਗੜਾ  

Woman drowns one-year-old son in water tank after quarrel with mother-in-law

Maharashtra News: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਔਰਤ ਨੇ ਸਿਹਤ ਨੂੰ ਲੈ ਕੇ ਆਪਣੀ ਸੱਸ ਨਾਲ ਝਗੜੇ ਤੋਂ ਬਾਅਦ ਆਪਣੇ ਇਕ ਸਾਲ ਦੇ ਬੇਟੇ ਨੂੰ ਪਾਣੀ ਦੀ ਟੈਂਕੀ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸ਼ਾਹਪੁਰ ਤਾਲੁਕਾ ਦੇ ਵਾਸਿੰਦ ਨੇੜੇ ਕਾਸਾਨੇ ਪਿੰਡ 'ਚ ਵਾਪਰੀ ਅਤੇ ਪਡਾਘਾ ਪੁਲਿਸ ਨੇ ਬਾਅਦ 'ਚ ਔਰਤ ਨੂੰ ਗ੍ਰਿਫਤਾਰ ਕਰ ਲਿਆ।

ਬੱਚੇ ਦਾ ਪਿਤਾ ਨੇੜਲੇ ਗੋਦਾਮ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਦੋਹਾਂ ਦਾ ਵਿਆਹ 2022 'ਚ ਹੋਇਆ ਸੀ। ਪਡਾਘਾ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋੜੇ ਦੇ ਪਿਛਲੇ ਸਾਲ ਇੱਕ ਪੁੱਤਰ ਨੇ ਜਨਮ ਲਿਆ ਜੋ ਕਿਸੇ ਜਮਾਂਦਰੂ ਬਿਮਾਰੀ ਤੋਂ ਪੀੜਤ ਸੀ। ਉਸ ਦਾ ਮੁੰਬਈ ਦੇ ਵਾਡੀਆ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਬੱਚੇ ਦੀ ਦੇਖਭਾਲ ਅਤੇ ਸਿਹਤ ਨੂੰ ਲੈ ਕੇ ਔਰਤ ਅਤੇ ਉਸਦੀ ਸੱਸ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਮੰਗਲਵਾਰ ਨੂੰ ਬੱਚੇ ਦੀ ਦਾਦੀ ਨੇ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਉਸ ਨੂੰ ਆਪਣੇ ਨਾਲ ਟਿਟਵਾਲਾ ਸਥਿਤ ਆਪਣੀ ਬੇਟੀ ਦੇ ਘਰ ਲੈ ਜਾਣ ਦਾ ਫ਼ੈਸਲਾ  ਕੀਤਾ।
 

ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਉੱਥੇ ਬੁਖ਼ਾਰ ਹੋ ਗਿਆ ਅਤੇ ਮੰਗਲਵਾਰ ਦੇਰ ਰਾਤ ਉਸ ਦੀ ਦਾਦੀ ਉਸ ਨੂੰ ਕਾਸਾਨੇ ਵਾਪਸ ਲੈ ਆਈ। ਉਸ ਨੇ ਦੱਸਿਆ ਕਿ ਬਾਅਦ ਵਿਚ ਬੱਚੇ ਦੀ ਮਾਂ ਅਤੇ ਦਾਦੀ ਵਿਚਕਾਰ ਉਸ ਦੀ ਸਿਹਤ ਨੂੰ ਲੈ ਕੇ ਤਕਰਾਰ ਹੋ ਗਈ। ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਤੋਂ ਬਾਅਦ ਬੱਚੇ ਦਾ ਪਿਤਾ ਆਪਣੀ ਰਾਤ ਦੀ ਡਿਊਟੀ ਲਈ ਰਵਾਨਾ ਹੋ ਗਿਆ।  ਬੁੱਧਵਾਰ ਸਵੇਰੇ ਜਦੋਂ ਉਹ ਵਾਪਸ ਆਇਆ ਤਾਂ ਸੌਣ ਤੋਂ ਪਹਿਲਾਂ ਕੁਝ ਦੇਰ ਆਪਣੇ ਬੇਟੇ ਨਾਲ ਖੇਡਿਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਸੌਂ ਰਿਹਾ ਸੀ ਤਾਂ ਬੱਚੇ ਦੀ ਮਾਂ ਨੇ ਕਥਿਤ ਤੌਰ 'ਤੇ ਬੱਚੇ ਨੂੰ ਘਰ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਪਾਣੀ ਦੀ ਟੈਂਕੀ 'ਚ ਡੁਬੋ ਦਿੱਤਾ । ਜਦੋਂ ਉਸ ਦਾ ਪਤੀ ਜਾਗਿਆ ਅਤੇ ਆਪਣੇ ਲੜਕੇ ਨੂੰ ਨਾ ਦੇਖਿਆ ਤਾਂ ਉਸ ਨੇ ਆਪਣੇ ਪਰਵਾਰਕ  ਮੈਂਬਰਾਂ ਅਤੇ ਦੋਸਤਾਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
 

ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਬੱਚੇ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪੁੱਤਰ ਲਾਪਤਾ ਹੋ ਗਿਆ ਹੈ। ਉਸ ਦੇ ਪਤੀ ਨੂੰ ਸ਼ੱਕ ਹੋਇਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਔਰਤ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਬੱਚੇ ਦਾ ਕਤਲ ਕੀਤਾ ਹੈ। ਇਸ ਤੋਂ ਬਾਅਦ ਵਿਅਕਤੀ ਨੇ ਪਡਾਘਾ ਪੁਲਿਸ ਨਾਲ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾਈ।
 

ਥਾਣਾ ਮੁਖੀ ਬਾਲਾ ਕੁੰਭਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਵਿਰੁਧ ਕਤਲ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।