Former Home Minister ਸ਼ਿਵਰਾਜ ਪਾਟਿਲ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਪਾਟਿਲ ਨੇ 90 ਸਾਲ ਦੀ ਉਮਰ ’ਚ ਲਏ ਆਖਰੀ ਸਾਹ

Former Home Minister Shivraj Patil passes away

ਲਾਤੂਰ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦਾ 90 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ । ਉਨ੍ਹਾਂ ਨੇ ਲਾਤੂਰ ਵਿੱਚ ਸਵੇਰੇ 6:30 ਵਜੇ ਆਖਰੀ ਸਾਹ ਲਿਆ। ਸ਼ਿਵਰਾਜ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਲਾਤੂਰ ਵਿੱਚ ਉਨ੍ਹਾਂ ਦੇ ਘਰ ‘ਦੇਵਘਰ’ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਸ਼ਿਵਰਾਜ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਸ਼ੈਲੇਸ਼ ਪਾਟਿਲ, ਨੂੰਹ ਅਰਚਨਾ (ਜੋ ਭਾਜਪਾ ਦੀ ਆਗੂ ਹਨ) ਅਤੇ ਦੋ ਪੋਤੀਆਂ ਹਨ।
ਜ਼ਿਕਰਯੋਗ ਹੈ ਕਿ ਸ਼ਿਵਰਾਜ ਪਾਟਿਲ ਮਹਾਰਾਸ਼ਟਰ ਦੀ ਲਾਤੂਰ ਲੋਕ ਸਭਾ ਸੀਟ ਤੋਂ 7 ਵਾਰ ਸੰਸਦ ਮੈਂਬਰ ਰਹੇ । ਸ਼ਿਵਰਾਜ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ । ਉਹ 1980 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਵਿੱਚ ਰੱਖਿਆ ਮੰਤਰੀ ਰਹੇ ਸਨ।
ਇਸ ਤੋਂ ਇਲਾਵਾ ਉਹ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਵੀ ਰਹੇ । 2004 ਤੋਂ 2008 ਤੱਕ ਕੇਂਦਰ ਵਿੱਚ ਗ੍ਰਹਿ ਮੰਤਰੀ ਰਹੇ । ਜਦਕਿ ਮੁੰਬਈ ਹਮਲਿਆਂ ਵਿੱਚ ਸੁਰੱਖਿਆ ਕੁਤਾਹੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। 26 ਨਵੰਬਰ 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਝੱਲਣੀ ਪਈ ਸੀ। ਦੇਸ਼ ਵਿੱਚ ਇੰਨੇ ਵੱਡੇ ਸੰਕਟ ਦੇ ਬਾਵਜੂਦ ਸ਼ਿਵਰਾਜ ਨੇ ਇੱਕੋ ਦਿਨ ਵਿੱਚ ਕਈ ਵਾਰ ਕੱਪੜੇ ਬਦਲੇ ਸਨ। ਇਸ ਲਈ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।