13 ਸਾਲਾਂ ਦੀ ਬਲਾਤਕਾਰ ਪੀੜਤਾ ਦੇ ਗਰਭਪਾਤ ਦੀ ਇਜਾਜ਼ਤ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 6 ਸਤੰਬਰ: ਹਾਈ ਕੋਰਟ ਨੇ ਮੈਡੀਕਲ ਰੀਪੋਰਟ ਦੇ ਮੱਦੇਨਜ਼ਰ 13 ਸਾਲ ਦੀ ਬਲਾਤਕਾਰ ਪੀੜਤ ਲੜਕੀ ਦੇ 32 ਹਫ਼ਤਿਆਂ ਦੇ ਗਰਭ ਨੂੰ ਨਸ਼ਟ ਕਰਨ ਦੇ ਅੱਜ ਹੁਕਮ ਦਿਤੇ ਹਨ। ਇਸ ਕੁੜੀ ਨੂੰ ਕਲ ਹਸਪਤਾਲ ਵਿਚ ਭਰਤੀ ਕਰਵਾਇਆ ਜਾਵੇਗਾ ਅਤੇ ਅੱਠ ਸਤੰਬਰ ਨੂੰ ਮੈਡੀਕਲ ਪ੍ਰਕਿਰਿਆ ਨਾਲ ਉਸ ਦਾ ਗਰਭਪਾਤ ਹੋਵੇਗਾ। ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਜੇ.ਜੇ. ਹਸਪਤਾਲ ਦੇ ਡਾਕਟਰਾਂ ਦੀ ਰੀਪੋਰਟ ਤੋਂ ਬਾਅਦ ਇਸ ਕੁੜੀ ਦਾ ਗਰਭਪਾਤ ਕਰਨ ਦੇ ਹੁਕਮ ਦਿਤੇ ਸਨ।

ਕੇਂਦਰ ਦੀ ਤਰਫ਼ੋਂ ਸਾਲਿਸਟਰ ਜਨਰਲ ਰਣਜੀਤ ਕੁਮਾਰ ਨੇ ਮੈਡੀਕਲ ਰੀਪੋਰਟ ਅਤੇ ਇਸੇ ਤਰ੍ਹਾਂ ਦੀ ਇਕ ਹੋਰ ਬਲਾਤਕਾਰ ਪੀੜਤਾ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿਤਾ।

ਸੁਪਰੀਮ ਕੋਰਟ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਲੜਕੀ ਦਾ ਗਰਭਪਾਤ ਪਹਿਲ ਦੇ ਅਧਾਰ ਤੇ 8 ਸਤੰਬਰ ਨੂੰ ਕੀਤਾ ਜਾਵੇ। ਮੁੰਬਈ ਵਿਖੇ ਬਲਾਤਕਾਰ ਦੀ ਸ਼ਿਕਾਰ ਇਹ ਲੜਕੀ 7ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਨੇ ਅਦਾਲਤ ਤੋਂ ਗਰਭਪਾਤ ਦੀ ਇਜਾਜ਼ਤ ਮੰਗੀ ਸੀ। ਕਾਨੂੰਨ ਅਨੁਸਾਰ 20 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਹੈ।

ਇਸੇ ਕਰ ਕੇ ਅਦਾਲਤ ਵਿਚ 20 ਹਫ਼ਤਿਆਂ ਤੋਂ ਵੱਧ ਸਮੇਂ ਦੇ ਗਰਭ ਨੂੰ ਖ਼ਤਮ ਕਰਨ ਦੇ ਮਾਮਲਿਆਂ ਵਿਚ ਅਦਾਲਤ ਨੂੰ ਮੈਡੀਕਲ ਬੋਰਡ ਦੀ ਸਲਾਹ ਲੈਣੀ ਪੈਂਦੀ ਹੈ। ਮੈਡੀਕਲ ਬੋਰਡ ਦੀ ਸਲਾਹ ਤੋਂ ਬਾਅਦ ਹੀ ਅਦਾਲਤ ਅਜਿਹੇ ਮਾਮਲਿਆਂ ਵਿਚ ਕੋਈ ਹੁਕਮ ਜਾਰੀ ਕਰਦਾ ਹੈ।  (ਪੀਟੀਆਈ)