2019 ਚੋਣਾਂ ਦੀ ਲੜਾਈ 'ਸਲਤਨਤ' ਅਤੇ 'ਸੰਵਿਧਾਨ' 'ਚ ਯਕੀਨ ਰੱਖਣ ਵਾਲੇ ਲੋਕਾਂ ਵਿਚਕਾਰ : ਨਰਿੰਦਰ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ 2019 ਚੋਣਾਂ ਦੀ ਲੜਾਈ ਸਲਤਨਤ ਅਤੇ ਸੰਵਿਧਾਨ 'ਚ ਯਕੀਨ ਰੱਖਣ ਵਾਲਿਆਂ ਵਿਚਕਾਰ ਹੈ........

Narendra Modi And Amit Shah

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ 2019 ਚੋਣਾਂ ਦੀ ਲੜਾਈ ਸਲਤਨਤ ਅਤੇ ਸੰਵਿਧਾਨ 'ਚ ਯਕੀਨ ਰੱਖਣ ਵਾਲਿਆਂ ਵਿਚਕਾਰ ਹੈ। ਇਥੇ ਜਨਤਾ ਨੂੰ ਇਹ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲੇ 'ਪ੍ਰਧਾਨ ਸੇਵਕ' ਚਾਹੀਦਾ ਹੈ ਜਾਂ ਰਾਜਸ਼ਾਹੀ 'ਚ ਵਿਸ਼ਵਾਸ ਰੱਖਣ ਵਾਲਾ। ਮੋਦੀ ਨੇ ਕਿਹਾ ਕਿ ਇਕ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਹਰ ਹਾਲ ਵਿਚ ਸਿਰਫ਼ ਅਪਣੀ ਸਲਤਨਤ ਬਚਾਉਣੀ ਹੈ ਅਤੇ ਦੂਜੇ ਪਾਸੇ ਅਸੀਂ ਹਾਂ ਜੋ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਅਨੁਸਾਰ ਚਲਦੇ ਹਾਂ।

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ 'ਤੇ ਦੇਸ਼ ਵਿਚ 'ਮਜਬੂਰ ਸਰਕਾਰ' ਬਣਾਉਣ ਦੇ ਯਤਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2019 ਚੋਣਾਂ ਦੀ ਲੜਾਈ ਸਲਤਨਤ ਅਤੇ ਸੰਵਿਧਾਨ ਵਿਚ ਯਕੀਨ ਰੱਖਣ ਵਾਲੇ ਲੋਕਾਂ ਵਿਚਕਾਰ ਹੈ ਅਤੇ  ਲੋਕਾਂ ਵਿਚਕਾਰ ਦੇਸ਼ ਦੇ ਇਤਿਹਾਸ 'ਚ ਭਾਜਪਾ ਦੀ ਅਗਵਾਈ 'ਚ ਪਹਿਲੀ ਵਾਰ ਅਜਿਹੀ ਸਰਕਾਰ ਹੈ ਜਿਸ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਹਨ, ਜਿਸ ਦਾ ਮੰਤਰ 'ਸੱਭ ਦਾ ਸਾਥ, ਸੱਭ ਦਾ ਵਿਕਾਸ' ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚਾਰਾਂ 'ਤੇ ਜਾਂਦੀ ਹੈ ਪਰ ਇਹ ਪਹਿਲਾ ਮੌਕਾ ਹੈ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਸਿਰਫ਼ ਇਕ ਵਿਅਕਤੀ ਨੂੰ ਹਰਾਉਣ ਲਈ ਇਕਜੁਟ ਹੋ ਰਹੀਆਂ ਹਨ।

ਮੋਦੀ ਨੇ ਕਿਹਾ, ''ਇਹ ਸਾਰੀਆਂ ਪਾਰਟੀਆਂ ਮਿਲ ਕੇ  ਇਕ ਮਜਬੂਰ ਸਰਕਾਰ ਬਣਾਉਣ 'ਚ ਲੱਗੀਆਂ ਹਨ। ਉਹ ਨਹੀਂ ਚਾਹੁੰਦੇ ਕਿ ਦੇਸ਼ ਵਿਚ ਮਜਬੂਤ ਸਰਕਾਰ ਬਣੇ ਅਤੇ ਇਨ੍ਹਾਂ ਦੀ ਦੁਕਾਨ ਫਿਰ ਬੰਦ ਹੋ ਜਾਵੇ।'' ਉਨ੍ਹਾਂ ਕਿਹਾ ਕਿ ਅਸੀਂ ਮਜ਼ਬੂਤ ਸਰਕਾਰ ਚਾਹੁੰਦੇ ਹਾਂ ਤਾਕਿ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਮਿਲੇ, ਉਹ (ਵਿਰੋਧੀ) ਮਜਬੂਰ ਸਰਕਾਰ ਚਾਹੁੰਦੇ ਹਨ ਤਾਕਿ ਯੂਰੀਆ ਘੋਟਾਲਾ ਕੀਤਾ ਜਾ ਸਕੇ। 

ਮੋਦੀ ਨੇ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਸਾਰੇ ਟੀਚੇ ਪੂਰੇ ਕਰ ਲਏ ਗਏ ਹਨ, ਅਜੇ ਵੀ ਬਹੁਤ ਕੁੱਝ ਕਰਨਾ ਹੈ ਪਰ ਉਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕਮੀਆਂ ਨੂੰ ਦੂਰ ਕਰਨ ਦਾ ਇਮਾਨਦਾਰੀ ਨਾਲ ਯਤਨ ਕੀਤਾ ਹੈ।  ਚੁਨੌਤੀਆਂ ਚਾਹੇ ਜਿੰਨੀਆਂ ਵੀ ਵੱਡੀਆਂ ਹੋਣ, ਕੋਸ਼ਿਸ਼ਾਂ ਓਨੀਆਂ ਹੀ ਇਮਾਨਦਾਰ ਹੋਣਗੀਆਂ। (ਪੀਟੀਆਈ)