ISIS ਵੱਲੋਂ ਕੁੰਭ ਮੇਲੇ 'ਚ ਹਮਲੇ ਦੀ ਧਮਕੀ, ਕੇਰਲ ਦੇ ਅਤਿਵਾਦੀ ਨੇ ਜਾਰੀ ਕੀਤਾ ਆਡਿਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਆਡਿਓ ਟੇਪ ਕੇਰਲ ਦੇ ਅਤਿਵਾਦੀ ਅਬਦੁਲ ਰਸੀਦ ਵੱਲੋਂ ਜਾਰੀ ਕੀਤਾ ਗਿਆ ਹੈ। ਐਲਾਨ ਕੀਤਾ ਗਿਆ ਹੈ ਕਿ ਪਾਣੀ ਵਿਚ ਜ਼ਹਿਰ ਮਿਲਾ ਕੇ ਕੁੰਭ ਵਿਚ ਹਲਾਲ ਕੀਤਾ ਜਾਵੇ।

Kumbh Mela

ਪ੍ਰਯਾਗਰਾਜ : ਦਹਿਸ਼ਤਗਰਦਾਂ ਨੇ ਕੁੰਭ ਮੇਲੇ ਵਿਚ ਕਤਲੇਆਮ ਕਰਨ ਦੀ ਧਮਕੀ ਜਾਰੀ ਕੀਤੀ ਹੈ। ਆਈਐਸਆਈਐਸ ਦੇ ਇਕ ਏਜੰਟ ਨੇ ਇਸ ਸਬੰਧੀ ਆਡਿਓ ਟੇਪ ਜਾਰੀ ਕੀਤਾ ਹੈ । ਉਸ ਨੇ ਪਾਣੀ ਵਿਚ ਜ਼ਹਿਰ ਮਿਲਾ ਕੇ ਹਲਾਲ ਕਰਨ ਦੀ ਗੱਲ ਕੀਤੀ ਹੈ। ਯੂਟਿਊਬ 'ਤੇ ਵੀਡਿਓ ਦੇਖ ਕੇ ਖੁਫੀਆ ਏਜੰਸੀਆਂ ਨੇ ਕੁੰਭ ਪੁਲਿਸ ਨੂੰ ਇਸ ਪ੍ਰਤੀ ਸਚੇਤ ਕੀਤਾ ਹੈ। ਪੁਲਿਸ ਮੇਲਾ ਖੇਤਰ ਦੇ ਸਾਰੇ ਇਲਾਕਿਆਂ ਵਿਚ ਬਰੀਕੀ ਨਾਲ ਜਾਂਚ ਕਰ ਰਹੀ ਹੈ। ਜਨਵਰੀ 2019 ਵਿਚ ਇਹ ਆਡਿਓ ਟੇਪ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਯੂਟਿਊਬ 'ਤੇ ਇਕ ਵੀਡੀਓ ਅਪਲੋਡ ਹੋਇਆ।

ਇਸ ਵੀਡਿਓ ਵਿਚ ਕਿਹਾ ਗਿਆ ਹੈ ਕਿ ਆਈਐਸਆਈਐਸ ਨੇ ਕੁੰਭ ਮੇਲੇ ਵਿਚ ਕਤਲੇਆਮ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਹਿੰਦੂਆਂ ਅਤੇ ਮੁਸਲਮਾਨਾਂ ਵਿਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਕਾਫਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇ। ਇਹ ਆਡਿਓ ਟੇਪ ਕੇਰਲ ਦੇ ਅਤਿਵਾਦੀ ਅਬਦੁਲ ਰਸੀਦ ਵੱਲੋਂ ਜਾਰੀ ਕੀਤਾ ਗਿਆ ਹੈ। ਐਲਾਨ ਕੀਤਾ ਗਿਆ ਹੈ ਕਿ ਪਾਣੀ ਵਿਚ ਜ਼ਹਿਰ ਮਿਲਾ ਕੇ ਕੁੰਭ ਵਿਚ ਹਲਾਲ ਕੀਤਾ ਜਾਵੇ। ਕੁੰਭ ਮੇਲੇ ਵਿਚ ਕਿਰਿਆਸੀਲ ਖੁਫੀਆ ਏਜੰਸੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਉਹਨਾਂ ਨੇ ਜਾਂਚ ਸ਼ੁਰੂ ਕਰ ਦਿਤੀ ਹੈ।

ਜਾਂਚ ਵਿਚ ਪਤਾ ਲਗਾ ਹੈ ਕਿ ਕੇਰਲ ਦੇ ਜਿਸ ਅਤਿਵਾਦੀ ਅਬਦੁਲ ਰਸੀਦ ਦਾ ਨਾਮ ਸਾਹਮਣੇ ਆਇਆ ਹੈ ਉਹ ਪਹਿਲਾਂ ਤੋਂ ਹੀ ਖੁਫੀਆ ਏਜੰਸੀਆਂ ਦੇ ਨਿਸ਼ਾਨੇ 'ਤੇ ਹੈ। ਉਸ ਦੀਆਂ ਗਤੀਵਿਧੀਆਂ ਸ਼ੁਰੂ ਤੋਂ ਹੀ ਸ਼ੱਕੀ ਰਹੀਆਂ ਹਨ। ਪੁਲਿਸ ਯੂਟਿਊਬ ਅਤੇ ਆਈਪੀ ਪਤੇ ਦੀ ਮਦਦ ਨਾਲ ਇਸ ਵੀਡਿਓ ਨੂੰ ਅਪਲੋਡ ਕਰਨ ਵਾਲੇ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਢਲੀ ਜਾਂਚ ਵਿਚ ਇਹ ਪਤਾ ਲਗਾ ਹੈ ਕਿ ਇਸ ਨੂੰ ਕੇਰਲ ਤੋਂ ਹੀ ਚਲਾਇਆ ਜਾ ਰਿਹਾ ਹੈ। ਅਜਿਹੇ ਵਿਚ ਕੁੰਭ ਖੇਤਰ ਵਿਚ ਬਾਹਰ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਏਡੀਜੀ ਐਸਐਨ ਸਾਬਤ ਨੇ ਕਿਹਾ ਕਿ ਇਸ ਤਰਾਂ ਦੀ ਕੋਈ ਇਨਪੁਟ ਪੁਲਿਸ ਦੀ ਜਾਣਕਾਰੀ ਵਿਚ ਨਹੀਂ ਹੈ। ਜੇਕਰ ਅਜਿਹਾ ਕੁਝ ਹੈ ਤਾਂ ਏਟੀਐਸ ਅਤੇ ਹੋਰ ਏਜੰਸੀਆਂ ਇਸ ਦੀ ਜਾਂਚ ਕਰਨਗੀਆਂ। ਪੁਲਿਸ ਹਰ ਪੱਖ ਤੋਂ ਅਜਿਹੀ ਕਿਸੇ ਵੀ ਗਤੀਵਿਧੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵੀ ਦੱਸਿਆ ਗਿਆ ਕਿ ਕਈ ਵਾਰ ਆਈਐਸਆਈਐਸ ਦੇ ਪੁਰਾਣੇ ਆਡਿਓ ਅਤੇ ਵੀਡੀਓ ਨੂੰ ਐਡਿਟ ਕਰ ਕੇ ਫਿਰ ਤੋਂ ਅਪਲੋਡ ਕਰ ਦਿਤਾ ਜਾਂਦਾ ਹੈ।