ਮਨੀ ਲਾਂਡਰਿੰਗ ਮਾਮਲਾ: ਸਾਬਕਾ ਰਾਜ ਸਭਾ ਮੈਂਬਰ ਕੇ.ਡੀ. ਸਿੰਘ ED ਵਲੋਂ ਗ੍ਰਿਫ਼ਤਾਰ
ED ਨੇ ਪੀ.ਐੱਮ.ਐੱਲ.ਏ. ਅਧੀਨ ਇਕ ਅਪਰਾਧਿਕ ਕੇਸ ਦਾਇਰ ਕੀਤਾ ਸੀ।
ਚੰਡੀਗੜ੍ਹ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਕੇ.ਡੀ. ਸਿੰਘ ਨੂੰ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਕੇ. ਡੀ. ਸਿੰਘ ਰਾਜ ਸਭਾ ਦੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਸਿੰਘ ਅਤੇ ਉਸ ਨਾਲ ਜੁੜੀ ਇਕ ਫਰਮਦੇ ਖਿਲਾਫ ਈ.ਡੀ. ਦੀ ਜਾਂਚ ਸਤੰਬਰ, 2016 ਦੀ ਹੈ। ਮਾਰਕੀਟ ਰੈਗੂਲੇਟਰ ਸੇਬੀ ਵਲੋਂ ਇਸਦੇ ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਨੋਟਿਸ ਲੈਣ ਮਗਰੋਂ ED ਨੇ ਪੀ.ਐੱਮ.ਐੱਲ.ਏ. ਅਧੀਨ ਇਕ ਅਪਰਾਧਿਕ ਕੇਸ ਦਾਇਰ ਕੀਤਾ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਬੁੱਧਵਾਰ ਕੇਡੀ ਸਿੰਘ ਨੂੰ ਗ੍ਰਿਫਤਾਰ ਕੀਤਾ। ਸੂਤਰ ਦੱਸਦੇ ਹਨ ਕਿ ਈਡੀ ਦੀ ਪੁੱਛਗਿੱਛ ਦੌਰਾਨ ਕੇਡੀ ਸਿੰਘ ਕੁਝ ਲੈਣ-ਦੇਣ ਦਾ ਵੇਰਵਾ ਦੇਣ ਵਿੱਚ ਅਸਫਲ ਰਿਹਾ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਈਡੀ ਨੇ ਪਹਿਲਾਂ ਕੇਡੀ ਸਿੰਘ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਈਡੀ ਨੇ ਪੰਜਾਬ, ਹਰਿਆਣਾ ਅਤੇ ਸ਼ਿਮਲਾ ਸਣੇ 7 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ 239.39 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ, ਜਿਸ ਵਿਚ ਰਿਜੋਰਟਜ਼, ਸ਼ੋਅਰੂਮਾਂ ਅਤੇ ਬੈਂਕ ਖਾਤਿਆਂ ਸ਼ਾਮਲ ਹਨ।