ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਦਿਹਾਂਤ, ਪ੍ਰਧਾਨ ਮੰਤਰੀ ਸਣੇ ਕਈ ਆਗੂਆਂ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦਵ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
ਨਵੀਂ ਦਿੱਲੀ: ਸੀਨੀਅਰ ਨੇਤਾ ਅਤੇ ਜਨਤਾ ਦਲ (ਯੂਨਾਈਟਿਡ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਸ਼ਰਦ ਯਾਦਵ 75 ਸਾਲ ਦੇ ਸਨ। ਸਾਬਕਾ ਕੇਂਦਰੀ ਮੰਤਰੀ ਯਾਦਵ ਆਪਣੇ ਪਿੱਛੇ ਪਤਨੀ, ਇਕ ਧੀ ਅਤੇ ਇਕ ਪੁੱਤਰ ਛੱਡ ਗਏ ਹਨ। ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯਾਦਵ ਨੂੰ ਬੇਹੋਸ਼ੀ ਦੀ ਹਾਲਤ ਵਿਚ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਸੀ। ਰਾਤ 10.19 ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦਵ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਇਕ ਟਵੀਟ ਵਿਚ ਮੋਦੀ ਨੇ ਕਿਹਾ, "ਸ਼ਰਦ ਯਾਦਵ ਦੇ ਦਿਹਾਂਤ ਤੋਂ ਬਹੁਤ ਦੁਖ ਹੋਇਆ। ਆਪਣੇ ਲੰਬੇ ਜਨਤਕ ਜੀਵਨ ਵਿਚ ਉਹਨਾਂ ਨੇ ਆਪਣੇ ਆਪ ਨੂੰ ਇਕ ਸੰਸਦ ਮੈਂਬਰ ਅਤੇ ਮੰਤਰੀ ਵਜੋਂ ਸਥਾਪਤ ਕੀਤਾ। ਉਹ ਡਾ. ਲੋਹੀਆ ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਿਤ ਸਨ। ਮੈਂ ਹਮੇਸ਼ਾ ਸਾਡੀ ਗੱਲਬਾਤ ਨੂੰ ਸੰਜੋ ਕੇ ਰੱਖਾਂਗਾ। ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ।"
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸ਼ਰਦ ਯਾਦਵ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਖੜਗੇ ਨੇ ਟਵੀਟ ਕੀਤਾ, "ਦੇਸ਼ ਦੀ ਸਮਾਜਵਾਦੀ ਧਾਰਾ ਦੇ ਸੀਨੀਅਰ ਨੇਤਾ, ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦੇ ਦਿਹਾਂਤ ਤੋਂ ਦੁਖੀ ਹਾਂ।"
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਸ਼ਰਦ ਯਾਦਵ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਤੇਜਸਵੀ ਨੇ ਕਿਹਾ ਕਿ ਉਹਨਾਂ ਨੇ ਸ਼ਰਦ ਯਾਦਵ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ। ਯਾਦਵ ਨੇ ਕਿਹਾ, "ਇਸ ਦੁੱਖ ਦੀ ਘੜੀ ਵਿਚ ਸਮੁੱਚਾ ਸਮਾਜਵਾਦੀ ਪਰਿਵਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੈ।"