Bharat Jodo Nyay Yatra: ਭਲਕੇ ਤੋਂ ਸ਼ਰੂ ਹੋਵੇਗੀ 'ਭਾਰਤ ਜੋੜੋ ਨਿਆਂ ਯਾਤਰਾ', ਰਾਹੁਲ ਗਾਂਧੀ ਕਰਨਗੇ ਆਗਾਜ਼
ਕਾਂਗਰਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੱਢੀ ਜਾ ਰਹੀ ਇਹ ਯਾਤਰਾ 67 ਦਿਨਾਂ 'ਚ 15 ਸੂਬਿਆਂ ਅਤੇ 110 ਜ਼ਿਲਿਆਂ 'ਚੋਂ ਲੰਘੇਗੀ
Bharat Jodo Nyay Yatra: ਇੰਫਾਲ - ਕਾਂਗਰਸ ਐਤਵਾਰ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਮਨੀਪੁਰ ਤੋਂ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕਰੇਗੀ, ਜਿਸ ਰਾਹੀਂ ਉਹ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਲੋਕ ਸਭਾ ਵਿਚ ਚਰਚਾ ਦੇ ਕੇਂਦਰ ਵਿਚ ਲਿਆਉਣ ਦੀ ਕੋਸ਼ਿਸ਼ ਕਰੇਗੀ। ਇਹ ਯਾਤਰਾ 14 ਜਨਵਰੀ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਨੇੜੇ ਥੋਬਲ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਤੀਜੇ ਹਫ਼ਤੇ ਮੁੰਬਈ ਵਿਚ ਸਮਾਪਤ ਹੋਵੇਗੀ।
ਕਾਂਗਰਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੱਢੀ ਜਾ ਰਹੀ ਇਹ ਯਾਤਰਾ 67 ਦਿਨਾਂ 'ਚ 15 ਸੂਬਿਆਂ ਅਤੇ 110 ਜ਼ਿਲਿਆਂ 'ਚੋਂ ਲੰਘੇਗੀ। ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਲਗਭਗ 6 700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਯਾਤਰਾ ਜ਼ਿਆਦਾਤਰ ਬੱਸ ਰਾਹੀਂ ਹੋਵੇਗੀ ਪਰ ਕੁਝ ਥਾਵਾਂ 'ਤੇ ਪੈਦਲ ਵੀ ਹੋਵੇਗਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 7 ਸਤੰਬਰ, 2022 ਤੋਂ 30 ਜਨਵਰੀ, 2023 ਤੱਕ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 'ਭਾਰਤ ਜੋੜੋ ਯਾਤਰਾ' ਕੱਢੀ ਸੀ। ਉਨ੍ਹਾਂ ਦੀ 136 ਦਿਨਾਂ ਦੀ ਪਦਯਾਤਰਾ ਨੇ 12 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 75 ਜ਼ਿਲ੍ਹਿਆਂ ਅਤੇ 76 ਲੋਕ ਸਭਾ ਹਲਕਿਆਂ ਵਿਚੋਂ ਲੰਘਦੇ ਹੋਏ 4081 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਕਾਂਗਰਸ ਦਾ ਕਹਿਣਾ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ ਕੋਈ ਚੋਣ ਯਾਤਰਾ ਨਹੀਂ ਹੈ, ਸਗੋਂ ਇਹ ਦੇਸ਼ ਲਈ ਇਨਸਾਫ਼ ਦੀ ਮੰਗ ਨਾਲ ਜੁੜੀ ਹੋਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋ ਰਹੀ ਕਾਂਗਰਸ ਦੀ ਇਸ ਯਾਤਰਾ ਨੂੰ ਲੋਕ ਸਭਾ ਚੋਣਾਂ ਵਿੱਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਂ ਨਾਲ ਸਬੰਧਤ ਚਰਚਾ ਛੇੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਸਲ ਮੁੱਦਿਆਂ ਤੋਂ ਧਿਆਨ ਹਟਾ ਕੇ ਭਾਵਨਾਤਮਕ ਮੁੱਦਿਆਂ ਦੀ ਸਿਆਸੀ ਦੁਰਵਰਤੋਂ ਕਰ ਰਹੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਿੱਥੇ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੌਰਾਨ 'ਆਰਥਿਕ ਅਸਮਾਨਤਾਵਾਂ, ਧਰੁਵੀਕਰਨ ਅਤੇ ਤਾਨਾਸ਼ਾਹੀ' ਦੇ ਮੁੱਦੇ ਉਠਾਏ ਸਨ, ਉਥੇ 'ਭਾਰਤ ਜੋੜੋ ਨਿਆਂ ਯਾਤਰਾ' ਲੋਕਾਂ ਲਈ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ 'ਤੇ ਕੇਂਦਰਿਤ ਹੋਵੇਗੀ। 'ਭਾਰਤ ਜੋੜੋ ਨਿਆਂ ਯਾਤਰਾ' ਮਨੀਪੁਰ ਨਾਗਾਲੈਂਡ ਅਰੁਣਾਚਲ ਪ੍ਰਦੇਸ਼ ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੋ ਕੇ ਲੰਘੇਗੀ।
ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ 14 ਜਨਵਰੀ ਨੂੰ ਇੰਫਾਲ ਨੇੜੇ ਤੋਂ ਯਾਤਰਾ ਨੂੰ ਹਰੀ ਝੰਡੀ ਦੇਣਗੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਦੌਰੇ ਨੂੰ ਸਿਆਸੀ ਤੌਰ 'ਤੇ ਅਹਿਮ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਅਗਲੇ ਸਾਲ ਅਪ੍ਰੈਲ-ਮਈ ਵਿਚ ਹੋਣ ਦੀ ਸੰਭਾਵਨਾ ਹੈ। ਪਾਰਟੀ ਸੰਗਠਨ ਦੇ ਜਨਰਲ ਸਕੱਤਰ ਕੇ. ਸੀ ਵੇਣੂਗੋਪਾਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਇਸ ਯਾਤਰਾ ਦੌਰਾਨ ਦੇਸ਼ ਦੀਆਂ ਔਰਤਾਂ, ਨੌਜਵਾਨਾਂ ਅਤੇ ਵਾਂਝੇ ਤਬਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ।
21 ਦਸੰਬਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਪਾਰਟੀ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਪੂਰਬ ਤੋਂ ਪੱਛਮ ਦੇ ਦੌਰੇ ਦਾ ਦੂਜਾ ਪੜਾਅ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਯਾਤਰਾ ਦਾ ਐਲਾਨ ਕੀਤਾ ਗਿਆ ਹੈ। ਮਨੀਪੁਰ ਤੋਂ ਯਾਤਰਾ ਸ਼ੁਰੂ ਕਰਨ ਦੇ ਕਾਰਨ ਬਾਰੇ ਪੁੱਛੇ ਜਾਣ 'ਤੇ ਵੇਣੂਗੋਪਾਲ ਨੇ ਕਿਹਾ ਸੀ ਕਿ ਇਹ ਦੇਸ਼ ਦਾ ਅਹਿਮ ਹਿੱਸਾ ਹੈ ਅਤੇ ਪਾਰਟੀ ਇਸ ਉੱਤਰ-ਪੂਰਬੀ ਰਾਜ ਦੇ ਲੋਕਾਂ ਦੇ 'ਜ਼ਖਮਾਂ ਨੂੰ ਭਰਨ' ਦੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦੀ ਹੈ।
3 ਮਈ ਨੂੰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਨੀਪੁਰ ਵਿਚ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਨਸਲੀ ਸੰਘਰਸ਼ ਵਿਚ 200 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 60,000 ਤੋਂ ਵੱਧ ਬੇਘਰ ਹੋ ਗਏ ਹਨ। ਕਾਂਗਰਸ ਨੇ ਵਿਰੋਧੀ ਗਠਜੋੜ ਇੰਡੀਆ (ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਇਨਕਲੂਸਿਵ ਅਲਾਇੰਸ) ਵਿੱਚ ਆਪਣੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੂੰ ਭਾਰਤ ਜੋੜੋ ਨਿਆਂ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 'ਭਾਰਤ ਜੋੜੋ ਯਾਤਰਾ' 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। 'ਭਾਰਤ ਜੋੜੋ ਯਾਤਰਾ' ਦੌਰਾਨ, ਗਾਂਧੀ ਨੇ 12 ਮੀਟਿੰਗਾਂ ਅਤੇ 100 ਤੋਂ ਵੱਧ ਨੁੱਕੜ ਮੀਟਿੰਗਾਂ ਕੀਤੀਆਂ ਅਤੇ 13 ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ।