ਕੇਜਰੀਵਾਲ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ, ਜੇਕਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਜਾਤੀ ਗਣਨਾ ਕਰਾਂਗੇ: ਰਾਹੁਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਦੀ ਲੜਾਈ ਅਪਣੀ ਪਾਰਟੀ ਨੂੰ ਬਚਾਉਣ ਲਈ ਹੈ, ਜਦਕਿ ਮੇਰੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ : ਕੇਜਰੀਵਾਲ

Rahul Gandhi, Arvind Kejriwal
  • ਸੀਨੀਅਰ ਕਾਂਗਰਸ ਆਗੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕੀਤੀ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਵੀ ਪ੍ਰਧਾਨ ਮੰਤਰੀ ਵਾਂਗ ਹੀ ਪ੍ਰਚਾਰ ਅਤੇ ਝੂਠੇ ਵਾਅਦਿਆਂ ਦੀ ਰਣਨੀਤੀ ਅਪਣਾਉਂਦੇ ਹਨ। 

ਦਿੱਲੀ ਵਿਧਾਨ ਸਭਾ ਚੋਣਾਂ ਲਈ ਅਪਣੀ ਪਹਿਲੀ ਰੈਲੀ ’ਚ ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਕੌਮੀ ਰਾਜਧਾਨੀ ’ਚ ਸੱਤਾ ’ਚ ਆਉਂਦੀ ਹੈ ਤਾਂ ਜਾਤੀ ਗਣਨਾ ਕਰਵਾਈ ਜਾਵੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਜਰੀਵਾਲ ਨੂੰ ਚੁਨੌਤੀ ਦਿਤੀ ਕਿ ਉਹ ਕੋਟੇ ਦੀ ਹੱਦ ਵਧਾਉਣ ਅਤੇ ਜਾਤੀ ਮਰਦਮਸ਼ੁਮਾਰੀ ਦੇ ਵਿਸ਼ੇ ’ਤੇ ਅਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਜਰੀਵਾਲ ਦੋਵੇਂ ਚਾਹੁੰਦੇ ਹਨ ਕਿ ਪੱਛੜੇ ਵਰਗਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਨੂੰ ਹਿੱਸਾ ਨਾ ਮਿਲੇ। 

ਦੂਜੇ ਪਾਸੇ ਕੇਜਰੀਵਾਲ ਨੇ ਵੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇਤਾ ਦੀ ਲੜਾਈ ਅਪਣੀ ਪਾਰਟੀ ਨੂੰ ਬਚਾਉਣ ਲਈ ਹੈ, ਜਦਕਿ ਉਨ੍ਹਾਂ ਦੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ। ਉਨ੍ਹਾਂ ਕਿਹਾ, ‘‘ਅੱਜ ਰਾਹੁਲ ਗਾਂਧੀ ਜੀ ਦਿੱਲੀ ਆਏ ਹਨ। ਉਨ੍ਹਾਂ ਨੇ ਮੈਨੂੰ ਬਹੁਤ ਗਾਲੀਆਂ ਕਢੀਆਂ। ਪਰ ਮੈਂ ਉਨ੍ਹਾਂ ਦੇ ਬਿਆਨਾਂ ’ਤੇ ਕੋਈ ਟਿਪਣੀ ਨਹੀਂ ਕਰਾਂਗਾ। ਉਨ੍ਹਾਂ ਦੀ ਲੜਾਈ ਕਾਂਗਰਸ ਨੂੰ ਬਚਾਉਣ ਦੀ ਹੈ, ਮੇਰੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ।’’

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਵਿਰੋਧੀ ਗਠਜੋੜ ‘ਇੰਡੀਆ’ ਦੇ ਭਾਈਵਾਲ ਹਨ ਅਤੇ ਪਿਛਲੇ ਸਾਲ ਲੋਕ ਸਭਾ ਚੋਣਾਂ ਇਕੱਠੇ ਲੜੀਆਂ ਸਨ। ਹਾਲਾਂਕਿ ਵਿਧਾਨ ਸਭਾ ਚੋਣਾਂ ’ਚ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹਨ। 

ਦਿੱਲੀ ਦੇ ਸੀਲਮਪੁਰ ਇਲਾਕੇ ’ਚ ਕਾਂਗਰਸ ਦੀ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਜਾਤ ਅਤੇ ਧਰਮ ਦੇ ਕਿਸੇ ਵਿਅਕਤੀ ਵਿਰੁਧ ਹਿੰਸਾ ਹੁੰਦੀ ਹੈ ਤਾਂ ਉਹ ਉਸ ਵਿਅਕਤੀ ਦੇ ਨਾਲ ਖੜ੍ਹੇ ਹੋਣਗੇ। ਉਨ੍ਹਾਂ ਕਿਹਾ, ‘‘ਅੱਜ ਕੱਲ੍ਹ ਭਾਜਪਾ ਅਤੇ ਆਰ.ਐਸ.ਐਸ. ਸੰਵਿਧਾਨ ਨੂੰ ਤਬਾਹ ਕਰਨ ’ਚ ਰੁੱਝੇ ਹੋਏ ਹਨ। ਉਹ ਨਫ਼ਰਤ ਫੈਲਾਉਂਦੇ ਹਨ ਅਤੇ ਇਕ ਭਰਾ ਨੂੰ ਦੂਜੇ ਭਰਾ ਨਾਲ ਲੜਾਉਂਦੇ ਹਨ, ਲੋਕਾਂ ਨੂੰ ਡਰਾਉਂਦੇ ਹਨ।’’

ਕਾਂਗਰਸ ਆਗੂ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਜਦੋਂ ਦਿੱਲੀ ਦੀ ਮੁੱਖ ਮੰਤਰੀ ਸੀ ਤਾਂ ਉਸ ਤਰ੍ਹਾਂ ਦੀ ਸਰਕਾਰ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਆਰ.ਐਸ.ਐਸ. ਦੇ ਲੋਕ ਲਗਾਤਾਰ ਸੰਵਿਧਾਨ ’ਤੇ ਹਮਲਾ ਕਰ ਰਹੇ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ, ‘‘ਕੀ ਕੇਜਰੀਵਾਲ ਜੀ ਨੇ ਕਦੇ ਅਡਾਨੀ ਬਾਰੇ ਗੱਲ ਕੀਤੀ ਸੀ? ਉਹ ਇਕ ਸ਼ਬਦ ਵੀ ਨਹੀਂ ਬੋਲਦਾ।’’

ਉਨ੍ਹਾਂ ਕਿਹਾ ਕਿ ਦੇਸ਼ ਦੀ ਪ੍ਰਣਾਲੀ ’ਚ ਪੱਛੜੇ ਵਰਗਾਂ ਦੀ ਭਾਗੀਦਾਰੀ ਬਹੁਤ ਘੱਟ ਹੈ, ਜਦਕਿ ਉਨ੍ਹਾਂ ਦੀ ਆਬਾਦੀ 50 ਫ਼ੀ ਸਦੀ ਹੈ। ਉਨ੍ਹਾਂ ਕਿਹਾ, ‘‘ਜਦੋਂ ਮੈਂ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਗੱਲ ਕਰਦਾ ਹਾਂ ਤਾਂ ਨਰਿੰਦਰ ਮੋਦੀ ਜੀ ਅਤੇ ਕੇਜਰੀਵਾਲ ਜੀ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਦਾ। ਦੋਵੇਂ ਚਾਹੁੰਦੇ ਹਨ ਕਿ ਪੱਛੜੀਆਂ ਸ਼੍ਰੇਣੀਆਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਨੂੰ ਭਾਗੀਦਾਰੀ ਨਾ ਮਿਲੇ।’’

ਉਨ੍ਹਾਂ ਦਾਅਵਾ ਕੀਤਾ ਕਿ ਲੰਮੇ ਭਾਸ਼ਣ ਦੇਵਾਂਗੇ, ਮੋਦੀ ਜੀ ਕਰਨਗੇ ਅਤੇ ਕੇਜਰੀਵਾਲ ਜੀ ਵੀ ਕਰਨਗੇ। ਪਰ ਜਦੋਂ ਭਾਗੀਦਾਰੀ ਦੀ ਗੱਲ ਆਉਂਦੀ ਹੈ ਤਾਂ ਸਿਰਫ ਕਾਂਗਰਸ ਹੀ ਇਸ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ, ‘‘ਕੇਜਰੀਵਾਲ ਜੀ ਨੂੰ ਜਨਤਕ ਤੌਰ ’ਤੇ ਕਹਿਣਾ ਚਾਹੀਦਾ ਹੈ ਕਿ ਉਹ ਰਾਖਵਾਂਕਰਨ ਦੀ ਸੀਮਾ ਵਧਾਉਣਾ ਚਾਹੁੰਦੇ ਹਨ ਅਤੇ ਜਾਤੀ ਗਣਨਾ ਕਰਵਾਉਣਾ ਚਾਹੁੰਦੇ ਹਨ।’’

ਉਨ੍ਹਾਂ ਕਿਹਾ, ‘‘ਜੇਕਰ ਸਾਡੀ ਸਰਕਾਰ ਦਿੱਲੀ ’ਚ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਇੱਥੇ (ਕੌਮੀ ਰਾਜਧਾਨੀ ‘ਚ) ਜਾਤ ਅਧਾਰਤ ਮਰਦਮਸ਼ੁਮਾਰੀ ਕਰਾਂਗੇ। ਇਹ ਕ੍ਰਾਂਤੀਕਾਰੀ ਕੰਮ ਹੋਵੇਗਾ। ਜੇਕਰ ਦੇਸ਼ ’ਚ ਸਰਕਾਰ ਆਉਂਦੀ ਹੈ ਤਾਂ ਅਸੀਂ ਪੂਰੇ ਦੇਸ਼ ’ਚ ਇਹ ਕੰਮ ਕਰਾਂਗੇ।’’

ਉਨ੍ਹਾਂ ਦੋਸ਼ ਲਾਇਆ, ‘‘ਜਿਸ ਤਰ੍ਹਾਂ ਮੋਦੀ ਜੀ ਪ੍ਰਚਾਰ ਕਰਦੇ ਹਨ, ਝੂਠੇ ਵਾਅਦੇ ਕਰਦੇ ਹਨ, ਉਹੀ ਰਣਨੀਤੀ ਕੇਜਰੀਵਾਲ ਜੀ ਦੀ ਹੈ। (ਦੋਹਾਂ ਵਿਚਾ) ਕੋਈ ਫ਼ਰਕ ਨਹੀਂ ਹੈ। ਰਾਹੁਲ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਨੂੰ ਪੈਰਿਸ ਬਣਾਉਣ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਅਸਫਲ ਰਹੇ।’’

ਉਨ੍ਹਾਂ ਕਿਹਾ, ‘‘ਸਾਡੇ ਲਈ, ਇਸ ਦੇਸ਼ ਦੇ ਸਾਰੇ ਲੋਕ ਬਰਾਬਰ ਹਨ, ਇਸ ਦੇਸ਼ ’ਚ, ਸਿਰਫ ਪਿਆਰ ਹੀ ਨਫ਼ਰਤ ਨੂੰ ਕੱਟੇਗਾ, ਇਸ ਨੂੰ ਹਰਾਏਗਾ।’’ ਉਨ੍ਹਾਂ ਕਿਹਾ, ‘‘ਜਦੋਂ ਤਕ ਮੈਂ ਜਿਉਂਦਾ ਹਾਂ, ਕਿਸੇ ਵੀ ਭਾਰਤੀ ’ਤੇ ਹਮਲਾ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ।’’

ਉਨ੍ਹਾਂ ਕਿਹਾ, ‘‘ਮੇਰੇ ਲਈ ਹਿੰਦੁਸਤਾਨ ਦਾ ਮਤਲਬ ਇਹ ਹੈ ਕਿ ਦੇਸ਼ ’ਚ ਨਫ਼ਰਤ ਨਹੀਂ ਹੋਣੀ ਚਾਹੀਦੀ, ਹਰ ਵਿਅਕਤੀ ਵੱਡੇ ਸੁਪਨੇ ਵੇਖ ਸਕਦਾ ਹੈ। ਅਸੀਂ ਅਜਿਹਾ ਦੇਸ਼ ਨਹੀਂ ਚਾਹੁੰਦੇ ਜਿੱਥੇ ਕੁੱਝ ਉਦਯੋਗਪਤੀ ਸੱਭ ਕੁੱਝ ਖਰੀਦਦੇ ਹਨ ਅਤੇ ਗਰੀਬ ਲੋਕ ਭੁੱਖੇ ਮਰ ਜਾਂਦੇ ਹਨ। ਅਸੀਂ ਅਜਿਹਾ ਭਾਰਤ ਨਹੀਂ ਬਣਨ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਅਤੇ ਕੇਜਰੀਵਾਲ ਜੀ ਨੇ ਮਹਿੰਗਾਈ ਘਟਾਉਣ ਦੀ ਗੱਲ ਕਹੀ ਸੀ। ਮਹਿੰਗਾਈ ਘੱਟ ਨਹੀਂ ਹੋ ਰਹੀ, ਸਗੋਂ ਵਧ ਰਹੀ ਹੈ।