ISRO ਦੇ ਪੁਲਾੜ ਜਹਾਜ਼ ’ਚ ਧਰਤੀ ਤੋਂ 350 ਕਿਲੋਮੀਟਰ ਉਚਾਈ ’ਤੇ ਵੀ ਵਧਣ-ਫੁੱਲਣ ਲੱਗੀ ਪਾਲਕ
ਪੁਲਾੜ ’ਚ ਐਮੀਟੀ ਯੂਨੀਵਰਸਿਟੀ ਦੇ ਪਾਲਕ ਦੇ ਕਾਲਸ ਟਿਸ਼ੂ ’ਚ ਵਾਧੇ ਦੇ ਸੰਕੇਤ ਦਿਸੇ
ਨਵੀਂ ਦਿੱਲੀ : ਐਮੀਟੀ ਯੂਨੀਵਰਸਿਟੀ-ਮੁੰਬਈ ਵਲੋਂ ਪੁਲਾੜ ’ਚ ਭੇਜੀ ਗਈ ਇਕ ਪਾਲਕ ’ਚ ਕਾਲਸ ਟਿਸ਼ੂ ’ਚ ਵਾਧੇ ਦੇ ਸੰਕੇਤ ਮਿਲੇ ਹਨ। ਵਿਗਿਆਨਕ ਪ੍ਰਯੋਗਾਂ ਲਈ ਪਾਲਕ ਦੇ ਟਿਸ਼ੂ 350 ਕਿਲੋਮੀਟਰ ਦੀ ਉਚਾਈ ’ਤੇ ਧਰਤੀ ਦਾ ਚੱਕਰ ਲਗਾਉਣ ਵਾਲੇ ਪੀ.ਓ.ਈ.ਐਮ.-4 ਮਾਡਿਊਲ ’ਚ ਮੌਜੂਦ ਹਨ।
ਸੂਖਮ ਗੁਰੂਤਾਆਕਰਸ਼ਣ ਅਧੀਨ ਪੁਲਾੜ ’ਚ ਪੌਦੇ ਉਗਾਉਣਾ ਪੁਲਾੜ ਜੀਵ ਵਿਗਿਆਨਕ ਖੋਜ ਲਈ ਇਕ ਮਹੱਤਵਪੂਰਣ ਮੀਲ ਪੱਥਰ ਹੈ ਅਤੇ ਲੰਮੇ ਸਮੇਂ ਦੇ ਮਨੁੱਖੀ ਮਿਸ਼ਨਾਂ ਦੌਰਾਨ ਪੁਲਾੜ ਮੁਸਾਫ਼ਰਾਂ ਲਈ ਇਕ ਲਾਭਦਾਇਕ ਗਤੀਵਿਧੀ ਹੈ।
ਐਮੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਤੋਸ਼ ਕੁਮਾਰ ਨੇ ਕਿਹਾ, ‘‘ਪੀ.ਓ.ਈ.ਐਮ.-4 ਪਲੇਟਫਾਰਮ ਤੋਂ ਸ਼ੁਰੂਆਤੀ ਅੰਕੜਿਆਂ ’ਚ ਪਾਲਕ ਕਾਲਸ ’ਚ ਵਾਧੇ ਦੇ ਸੰਕੇਤ ਮਿਲੇ ਹਨ।’’ ਉਨ੍ਹਾਂ ਕਿਹਾ ਕਿ ਇਸਰੋ ਤੋਂ ਪ੍ਰਾਪਤ ਅੰਕੜੇ ਉਮੀਦ ਭਰੇ ਹਨ ਅਤੇ ਉਪਕਰਣ ਚੰਗੀ ਸਥਿਤੀ ’ਚ ਹਨ।
ਕੁਮਾਰ ਨੇ ਕਿਹਾ ਕਿ ਰਵਾਇਤੀ ਬੀਜਾਂ ਦੀ ਬਜਾਏ ਕਾਲਸ ਟਿਸ਼ੂ ਉਗਾਉਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਇਸ ਨਾਲ ਖੋਜਕਰਤਾਵਾਂ ਨੂੰ ਰੰਗ ਬਾਰੇ ਨਿਗਰਾਨੀ ਰਾਹੀਂ ਵਿਕਾਸ ’ਤੇ ਵਧੇਰੇ ਆਸਾਨੀ ਨਾਲ ਨਜ਼ਰ ਰੱਖਣ ’ਚ ਮਦਦ ਮਿਲੇਗੀ।
ਉਸ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ’ਚ ਰੱਖੇ ਗਏ ਇਕ ਅਜਿਹੇ ਹੀ ਮਾਡਿਊਲ ਦੇ ਕਾਲਸ ’ਚ ਵੀ ਇਸੇ ਤਰ੍ਹਾਂ ਦਾ ਵਾਧਾ ਵੇਖਿਆ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਪ੍ਰਯੋਗ ਦਾ ਮੁੱਖ ਉਦੇਸ਼ ਪੁਲਾੜ ਮਿਸ਼ਨਾਂ ਦੌਰਾਨ ਭੋਜਨ ਅਤੇ ਪੋਸ਼ਣ ਦੀਆਂ ਸੰਭਾਵਨਾਵਾਂ ’ਤੇ ਕਾਲਸ ਰਾਹੀਂ ਪੌਦਿਆਂ ਦੇ ਵਾਧੇ ਦੀ ਪੜਚੋਲ ਕਰਨਾ ਹੈ।’’