Operation ਸਿੰਦੂਰ ਅਜੇ ਵੀ ਜਾਰੀ : ਜਨਰਲ ਦਿਵੇਦੀ
ਭਾਰਤ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ
ਨਵੀਂ ਦਿੱਲੀ: ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਮੰਗਲਵਾਰ ਨੂੰ ਕਿਹਾ ਕਿ ਆਪਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ । ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਜਾਂ ਫੌਜੀ ਹਮਲੇ ਦਾ ਜਵਾਬ ਦੇਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਭਾਰਤ ਪੂਰੀ ਤਾਕਤ ਨਾਲ ਜਵਾਬ ਦੇਵੇਗਾ। ਜਨਰਲ ਦਿਵੇਦੀ ਨੇ ਦੱਸਿਆ ਕਿ ਬਾਰਡਰ ਦੇ ਨੇੜੇ 8 ਅੱਤਵਾਦੀ ਕੈਂਪ ਅਜੇ ਵੀ ਸਰਗਰਮ ਹਨ । ਜੇ ਉਨ੍ਹਾਂ ਵੱਲੋਂ ਕੋਈ ਹਰਕਤ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਆਪਰੇਸ਼ਨ ਸਿੰਦੂਰ ਥਲਸੈਨਾ, ਹਵਾਈ ਫ਼ੌਜ ਅਤੇ ਸਮੁੰਦਰੀ ਫੌਜ ਦੇ ਤਾਲਮੇਲ ਦਾ ਸਭ ਤੋਂ ਵਧੀਆ ਉਦਾਹਰਣ ਹੈ । ਜਨਰਲ ਦਿਵੇਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦੌਰਾਨ 100 ਪਾਕਿਸਤਾਨੀ ਫੌਜੀ ਮਾਰੇ ਗਏ ਸਨ ।
ਐਤਵਾਰ ਨੂੰ ਬਾਰਡਰ ਨੇੜੇ ਡਰੋਨ ਦੇਖੇ ਜਾਣ ਦੇ ਸਵਾਲ 'ਤੇ ਆਰਮੀ ਚੀਫ ਨੇ ਕਿਹਾ ਕਿ ਉਹ ਬਹੁਤ ਛੋਟੇ ਡਰੋਨ ਹਨ ਜੋ ਲਾਈਟ ਜਗ੍ਹਾ ਕੇ ਉੱਡਦੇ ਹਨ । ਇਹ ਡਰੋਨ ਬਹੁਤ ਜ਼ਿਆਦਾ ਉਚਾਈ 'ਤੇ ਨਹੀਂ ਉੱਡਦੇ ਅਤੇ ਬਹੁਤ ਘੱਟ ਹੀ ਦਿਖਾਈ ਦਿੱਤੇ ਹਨ । 10 ਜਨਵਰੀ ਨੂੰ ਲਗਭਗ 6 ਡਰੋਨ ਵੇਖੇ ਗਏ, ਜਦਕਿ 11 ਅਤੇ 12 ਜਨਵਰੀ ਨੂੰ 2 ਤੋਂ 3 ਡਰੋਨ ਦਿਖਾਈ ਦਿੱਤੇ।
ਫੌਜ ਮੁਖੀ ਨੇ ਅੱਗੇ ਕਿਹਾ ਕਿ ਭਾਰਤ ਪਾਕਿਸਤਾਨ ਅਤੇ ਚੀਨ ਵਿਚਕਾਰ ਹੋਏ 1963 ਦੇ ਸਮਝੌਤੇ ਨੂੰ ਗੈਰ-ਕਾਨੂੰਨੀ ਮੰਨਦਾ ਹੈ, ਜਿਸ ਦੇ ਤਹਿਤ ਪਾਕਿਸਤਾਨ ਨੇ ਸ਼ਕਸਗਾਮ ਘਾਟੀ ਵਿੱਚ ਆਪਣਾ ਇਲਾਕਾ ਚੀਨ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਉੱਥੇ ਕਿਸੇ ਵੀ ਗਤੀਵਿਧੀ ਨੂੰ ਸਵੀਕਾਰ ਨਹੀਂ ਕਰਦੇ। ਜਿੱਥੋਂ ਤੱਕ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਸਬੰਧ ਹੈ, ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਇਸ ਨੂੰ ਦੋਵਾਂ ਦੇਸ਼ਾਂ ਵੱਲੋਂ ਇੱਕ ਗੈਰ-ਕਾਨੂੰਨੀ ਕਾਰਵਾਈ ਮੰਨਦੇ ਹਾਂ।