ਬਿਹਾਰ ਵਿਚ ਹੁਣ ਸਿੱਖਾਂ ਦੇ ਵਿਆਹ ਆਨੰਦ ਕਾਰਜ ਐਕਟ ਹੇਠ ਰਜਿਸਟਰ ਹੋ ਸਕਣਗੇ
ਬਿਹਾਰ ਸਰਕਾਰ ਨੇ ‘ਬਿਹਾਰ ਆਨੰਦ ਕਾਰਜ ਵਿਆਹ ਰਜਿਸਟ੍ਰੇਸ਼ਨ ਨਿਯਮ, 2025’ ਨੂੰ ਮਨਜ਼ੂਰੀ ਦਿਤੀ
ਪਟਨਾ : ਬਿਹਾਰ ਸਰਕਾਰ ਨੇ ਬਿਹਾਰ ਆਨੰਦ ਕਾਰਜ ਵਿਆਹ ਰਜਿਸਟ੍ਰੇਸ਼ਨ ਨਿਯਮ, 2025 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਸਿੱਖਾਂ ਦੇ ਵਿਆਹ, ਜੋ ਆਨੰਦ ਕਾਰਜ ਰਸਮ ਅਨੁਸਾਰ ਕੀਤੇ ਜਾਂਦੇ ਹਨ, ਸਰਕਾਰੀ ਤੌਰ 'ਤੇ ਰਜਿਸਟਰ ਹੋ ਸਕਣਗੇ। ਇਹ ਫ਼ੈਸਲਾ ਸੁਪਰੀਮ ਕੋਰਟ ਦੇ ਅਮਨਜੋਤ ਸਿੰਘ ਚੱਢਾ ਬਨਾ ਭਾਰਤ ਸਰਕਾਰ (2022) ਦੇ ਕੇਸ ’ਚ ਹੁਕਮ ਤੋਂ ਬਾਅਦ ਆਇਆ ਹੈ, ਜਿਸ ਵਿੱਚ ਸਾਰੇ ਸੂਬਿਆਂ ਨੂੰ ਆਨੰਦ ਮੈਰਿਜ ਐਕਟ, 1909 (ਸੋਧ 2012) ਅਧੀਨ ਨਿਯਮ ਬਣਾਉਣ ਲਈ ਕਿਹਾ ਗਿਆ ਸੀ।
ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਅਗਵਾਈ ਵਾਲੀ ਕੈਬਿਨੇਟ ਨੇ ਇਹ ਮਤਾ ਪਾਸ ਕੀਤਾ। ਵਿੱਤ ਵਿਭਾਗ ਦੇ ਵਾਧੂ ਮੁੱਖ ਸਕੱਤਰ ਅਰਵਿੰਦ ਕੁਮਾਰ ਚੌਧਰੀ ਨੇ ਕਿਹਾ ਕਿ “ਗਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਇਹ ਸਿੱਖ ਭਾਈਚਾਰੇ ਲਈ ਸਮਾਜਕ, ਸੱਭਿਆਚਾਰਕ ਅਤੇ ਧਾਰਮਿਕ ਪੱਖੋਂ ਮਹੱਤਵਪੂਰਨ ਹੋਵੇਗਾ।”
ਬਿਹਾਰ ਦਾ ਸਿੱਖ ਧਰਮ ਨਾਲ ਡੂੰਘਾ ਨਾਤਾ ਹੈ। ਪਟਨਾ ਸਾਹਿਬ, ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ, ਵਿਸ਼ਵ ਪ੍ਰਸਿੱਧ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਵੀ ਬਿਹਾਰ ਵਿੱਚ ਰਹੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਕਈ ਜ਼ਿਲ੍ਹਿਆਂ ਵਿੱਚ ਫੈਲੀਆਂ।