ਅਖਿਲੇਸ਼ ਦੇ ਇਲਾਹਾਬਾਦ ਪੁੱਜਣ ਨਾਲ ਹੋ ਸਕਦੀ ਸੀ ਹਿੰਸਾ : ਆਦਿਤਿਆਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮੰਗਲਵਾਰ ਨੂੰ ਹਵਾਈ ਅੱਡੇ 'ਤੇ ਰੋਕੇ ਜਾਣ ਨੂੰ ਲੈ ਕੇ ਲਖਨਊ ਤੋਂ ਇਲਾਹਾਬਾਦ....

UP CM Yogi Adityanath

ਲਖਨਊ : ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਮੰਗਲਵਾਰ ਨੂੰ ਹਵਾਈ ਅੱਡੇ 'ਤੇ ਰੋਕੇ ਜਾਣ ਨੂੰ ਲੈ ਕੇ ਲਖਨਊ ਤੋਂ ਇਲਾਹਾਬਾਦ ਤਕ ਵੱਡਾ ਵਿਵਾਦ ਭਖ ਗਿਆ ਇਲਾਹਾਬਾਦ ਯੂਨੀਵਰਸਟੀ ਵਿਦਿਆਰਥੀ ਯੂਨੀਅਨ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਜਾ ਰਹੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੰਦਿਆਂ ਲਖਨਊ 'ਚ ਹਵਾਈ ਅੱਡੇ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਰੋਕ ਦਿਤਾ ਗਿਆ। ਇਸ ਨਾਲ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ।

ਲਖਨਊ 'ਚ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਅਤੇ ਵਿਧਾਨ ਪਰਿਸ਼ਦ ਮੈਂਬਰਾਂ ਨੇ ਰਾਜ ਭਵਨ ਦੇ ਗੇਟ 'ਤੇ ਧਰਨਾ ਸ਼ੁਰੂ ਕਰ ਦਿਤਾ। ਹਾਲਾਂਕਿ ਰਾਜਪਾਲ ਵਲੋਂ ਕਲ ਸਵੇਰੇ 10 ਵਜੇ ਦਾ ਸਮਾਂ ਦਿਤੇ ਜਾਣ ਮਗਰੋਂ ਧਰਨਾ ਖ਼ਤਮ ਕਰ ਦਿਤਾ ਗਿਆ। ਦੂਜੇ ਪਾਸੇ ਇਲਾਹਾਬਾਦ 'ਚ ਬਾਲਸਨ ਚੌਕ 'ਤੇ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਅਤੇ ਪੁਲਿਸ ਵਿਚਕਾਰ ਝੜੱਪ ਹੋ ਗਈ ਜਿਸ 'ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਕਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਅਖਿਲੇਸ਼ ਦੇ ਇਲਾਹਾਬਾਦ ਯੂਨੀਵਰਸਟੀ ਜਾਣ ਨਾਲ

ਉਥੇ ਪਹਿਲਾਂ ਹੀ ਵਿਦਿਆਰਥੀ ਧੜਿਆਂ 'ਚ ਚਲ ਰਿਹਾ ਤਣਾਅ ਹੋਰ ਤੇਜ਼ ਹੋਣ ਦਾ ਸ਼ੱਕ ਸੀ। ਇਸ ਕਰ ਕੇ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦੇ ਜਵਾਬ 'ਚ ਅਖਿਲੇਸ਼ ਨੇ ਕਿਹਾ, ''ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਹਿ ਰਹੇ ਹਨ ਕਿ ਮੈਂ ਅਰਾਜਕਤਾ ਅਤੇ ਹਿੰਸਾ ਫੈਲਾਉਣ ਜਾ ਰਿਹਾ ਸੀ। ਮੈਂ ਸੰਨਿਆਸੀ ਯੋਗੀ ਤੋਂ ਪੁਛਣਾ ਚਾਹੁੰਦ ਹਾਂ ਕਿ ਮੇਰੇ ਸਿਆਸੀ ਜੀਵਨ 'ਚ ਮੇਰੇ ਉੱਪਰ ਇਕ ਵੀ ਧਾਰਾ ਲੱਗੀ ਹੋਵੇ ਤਾਂ ਦੱਸਣ।'' ਉਨ੍ਹਾਂ ਪੱਤਰਕਾਰਾਂ ਸਾਹਮਣੇ ਕੁੱਝ ਤਖ਼ਤੀਆਂ ਪੇਸ਼ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ 'ਤੇ ਲੱਗੀਆਂ ਧਾਰਾਵਾਂ ਦੀਆਂ ਤਖ਼ਤੀਆਂ ਹਨ ਜੋ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਖ਼ੁਦ ਅਪਣੇ ਤੋਂ ਹਟਾ ਲਈਆਂ ਸਨ। 

ਮਾਇਆਵਤੀ ਨੇ ਟਵੀਟ ਕਰ ਕੇ ਅਖਿਲੇਸ਼ ਨੂੰ ਇਲਾਹਾਬਾਦ ਨਾ ਜਾਣ ਦੇਣ ਦੀ ਘਟਨਾ ਨੂੰ ਅਤਿ-ਨਿੰਦਣਯੋਗ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੀ ਤਾਨਾਸ਼ਾਹੀ ਅਤੇ ਲੋਕਤੰਤਰ ਦੇ ਕਤਲ ਦਾ ਪ੍ਰਤੀਕ ਦਸਿਆ। ਉਨ੍ਹਾਂ ਕਿਹਾ, ''ਕੀ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰ ਬਸਪਾ-ਸਪਾ ਗਠਜੋੜ ਤੋਂ ਏਨੀ ਜ਼ਿਆਦਾ ਡਰ ਗਈ ਹੈ ਕਿ ਉਨ੍ਹਾਂ ਨੇ ਅਪਣੀ ਸਿਆਸੀ ਗਤੀਵਿਧੀ ਅਤੇ ਪਾਰਟੀ ਪ੍ਰੋਗਰਾਮ ਆਦਿ ਕਰਨ 'ਤੇ ਵੀ ਰੋਕ ਲਾਉਣ 'ਤੇ ਉਤਰ ਆਈ ਹੈ? ਅਜਿਹੀਆਂ ਗ਼ੈਰਲੋਕਤੰਤਰੀ ਕਾਰਵਾਈਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। 

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅਖਿਲੇਸ਼ ਯਾਦਵ ਨੂੰ ਰੋਕੇ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਭਾਜਪਾ ਆਗੂਆਂ ਦੇ 'ਹੰਕਾਰੀ ਰਵਈਏ ਕਰ ਕੇ' ਅਜਿਹਾ ਹੋਇਆ। ਉਨ੍ਹਾਂ ਇਸ ਕਾਰਵਾਈ ਨੂੰ ਗ਼ੈਰਲੋਕਤੰਤਰੀ ਕਰਾਰ ਦਿਤਾ। ਅਖਿਲੇਸ਼ ਨੇ ਪੂਰੇ ਮਾਮਲੇ ਲਈ ਸੂਬੇ ਦੀ ਯੋਗੀ ਆਦਿਤਿਆਨਾਥ ਸਰਕਾਰ ਨੂੰ ਜ਼ਿੰਮੇਵਾਰ ਦਸਦਿਆਂ ਉਸ ਦੀ ਨੀਤ 'ਤੇ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਕਿਹਾ, ''ਇਲਾਹਾਬਾਦ ਯੂਨੀਵਰਸਟੀ ਵਿਦਿਆਰਥੀ ਯੂਨੀਅਨ ਚੋਣਾਂ 'ਚ ਸਮਾਜਵਾਦੀ ਪਾਰਟੀ ਦੀ ਹਮਾਇਤ ਪ੍ਰਾਪਤ ਉਮੀਦਵਾਰ ਦੇ ਹੱਥੋਂ ਹਾਰ ਤੋਂ ਪ੍ਰੇਸ਼ਾਨ ਸੂਬਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ

ਨਾ ਸਿਰਫ਼ ਮੇਰੇ ੇ ਘਰ ਦੀ ਰੇਕੀ ਕੀਤੀ ਬਲਕਿ ਪਾਬੰਦੀ ਦੇ ਬਾਵਜੂਦ ਸੂਬੇ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਅੰਦਰ ਵੜ ਕੇ ਮੈਨੂੰ ਜਹਾਜ਼ 'ਤੇ ਚੜ੍ਹਨ ਤੋਂ ਰਕ ਦਿਤਾ। ਇਸ 'ਚ ਕੇਂਦਰ ਸਰਕਾਰ ਦੀ ਵੀ ਮਿਲੀਭੁਗਤ ਦਿਸ ਰਹੀ ਹੈ।'' ਦੂਜੇ ਪਾਸੇ, ਸੂਬਾ ਸਰਕਾਰ ਦੇ ਬੁਲਾਰੇ ਸਿਹਤ ਮੰਤਰੀ ਸਿਦਾਰਥਨਾਥ ਸਿੰਘ ਨੇ ਇਸ ਪੂਰੇ ਘਟਨਾਕ੍ਰਮ ਨੂੰ ਸਮਾਜਵਾਦੀ ਪਾਰਟੀ ਪ੍ਰਧਾਨ ਵਲੋਂ ਸੁਰਖ਼ੀਆਂ ਬਟੋਰਨ ਦੀ ਕੋਸ਼ਿਸ਼ ਦਸਿਆ। ਉਨ੍ਹਾਂ ਕਿਹਾ ਕਿ ਅਖਿਲੇਸ਼ ਪੂਰੇ ਘਟਨਾਕ੍ਰਮ 'ਤੇ ਝੂਠ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ 'ਵਰਸਟੀ ਪ੍ਰਸ਼ਾਸਨ ਨੇ ਤੈਅ ਕੀਤਾ ਸੀ ਕਿ ਕਿਸੇ ਵੀ ਸਿਆਸਤਦਾਨ, ਸਿਆਸੀ ਕਾਰਕੁਨ ਅਤੇ ਸਿਆਸੀ ਪਾਰਟੀਆਂ ਨਾਲ ਸਬੰਧਤ

ਵਿਅਕਤੀਆਂ ਨੂੰ ਉਕਤ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਪਰਿਆਗਰਾਜ ਵਲੋਂ ਅਖਿਲੇਸ਼ ਨੂੰ ਦਿਤੀ ਵੀ ਗਈ ਸੀ। ਇਸ ਮੁੱਦੇ 'ਤੇ ਵਿਧਾਨ ਸਭਾ ਅਤੇ ਵਿਧਾਨ ਪਰੀਸ਼ਦ ਵਿਚ ਵੀ ਹੰਗਾਮਾ ਹੋਇਆ ਅਤੇ ਕ੍ਰਮਵਾਰ 20 ਅਤੇ 25 ਮਿੰਟ ਲਈ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ। (ਪੀਟੀਆਈ)