ਦਿੱਲੀ ਦੇ ਹੋਟਲ 'ਚ ਅੱਗ, 17 ਲੋਕਾਂ ਦੀ ਮੌਤ, 35 ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਦਿੱਲੀ ਦੇ ਕਰੋਲਬਾਗ ਸਥਿਤ ਇਕ ਹੋਟਲ ਵਿਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ.....

Fire, 17 killed, 35 injured in Delhi hotel

ਨਵੀਂ ਦਿੱਲੀ :  ਮੱਧ ਦਿੱਲੀ ਦੇ ਕਰੋਲਬਾਗ ਸਥਿਤ ਇਕ ਹੋਟਲ ਵਿਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ ਅਤੇ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਪੁਲਿਸ ਨੇ ਦਸਿਆ ਕਿ ਅੱਗ ਕਰੋਲਬਾਗ ਵਿਚ ਗੁਰੂਦੁਆਰਾ ਰੋਡ ਸਥਿਤ ਹੋਟਲ ਅਰਪਿਤ ਪੈਲੇਸ ਵਿਚ ਲੱਗੀ। ਅਧਿਕਾਰੀਆਂ ਨੇ ਦਸਿਆ ਕਿ 45 ਕਮਰਿਆਂ ਵਾਲੇ ਹੋਟਲ ਵਿਚ ਹਾਦਸੇ  ਦੇ ਸਮੇਂ 53 ਲੋਕ ਸਨ।  ਅੱਗ ਬੁਝਾਊ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 4.35 'ਤੇ ਮਿਲੀ ਅਤੇ

ਤੁਰਤ ਅੱਗ ਬੁਝਾਊ ਦਸਤੇ ਦੀਆਂ 24 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਾਦਸੇ ਵਿਚ 17 ਲੋਕ ਮਾਰੇ ਗਏ ਹਨ। ਜ਼ਖ਼ਮੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ (ਆਰਐਮਐਲ) ਸਹਿਤ ਤਿੰਨ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਸੀਨੀਅਰ ਡਾਕਟਰ ਨੇ ਦਸਿਆ ਕਿ 13 ਲਾਸ਼ਾਂ ਆਰਐਮਐਲ ਹਸਪਤਾਲ ਵਿਚ ਹਨ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਘਟਨਾ ਦੀ ਵੀਡੀਉ ਵਿਚ ਦੋ ਲੋਕ ਜਾਨ ਬਚਾਉਣ ਲਈ ਸੜਦੀ ਇਮਾਰਤ ਦੀ ਚੌਥੀ ਮੰਜ਼ਲ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਹਨ। ਮੌਕੇ ਦੇ ਗ਼ਵਾਹਾਂ ਅਨੁਸਾਰ ਜ਼ਿਆਦਾਤਰ ਲੋਕਾਂ ਦੀ 

ਮੌਤ ਦਮ ਘੁੱਟਣ ਨਾਲ ਹੋਈ ਹੈ। ਰੌਸ਼ਨਦਾਨਾ ਵਿਚ ਲੱਕੜ ਦੇ ਪੈਨਲ ਲੱਗੇ ਹੋਣ ਕਾਰਨ ਅੱਗ ਜਲਦੀ ਫ਼ੈਲ ਗਈ। ਅੱਗ ਬੁਝਾਊ ਦਸਤੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁੱਝ ਵਰਤੇ ਹੋਏ ਅੱਗ ਬੁਝਾਊ ਯੰਤਰ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਅੰਦਰ ਫ਼ਸੇ ਲੋਕਾਂ ਨੇ ਅੱਗ ਬੁਝਾ ਕੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੋਏਗੀ। ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਦਿੱਲੀ ਨਗਰ ਨਿਗਮ (ਐਨਡੀਐਮਸੀ) ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿਤੀ ਕਿ ਕਰੋਲਬਾਗ ਇਲਾਕੇ ਵਿਚ ਤੜਕੇ ਲੱਗੀ ਭਿਆਨਕ ਅੱਗ ਦੀ ਵਜ੍ਹਾ ਸ਼ਾਰਟ ਸਰਕਟ ਵੀ ਹੋ ਸਕਦੀ ਹੈ।

ਉਨ੍ਹਾਂ ਦਸਿਆ ਕਿ ਹੋਟਲ ਦੀ ਇਮਾਰਤ ਵਿਚ ਸਭ ਤੋਂ ਪਹਿਲਾਂ ਦੂਜੀ ਮੰਜ਼ਲ 'ਤੇ ਅੱਗ ਲੱਗੀ। ਮੌਕੇ 'ਤੇ ਪਹੁੰਚੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਸਿਆ ਕਿ ਉਨ੍ਹਾਂ ਅੱਗ ਬੁਝਾਊ ਵਿਭਾਗ ਨੂੰ ਪੰਜ ਜਾਂ ਇਸ ਤੋਂ ਜ਼ਿਆਦਾ ਮੰਜ਼ਲਾ ਇਮਾਲਤਾਂ ਦੀ ਜਾਂਚ ਕਰਨ ਅਤੇ ਇਕ ਹਫ਼ਤੇ ਵਿਚ  ਫ਼ਾਇਰ ਸੇਫ਼ਟੀ ਪਾਲਣ 'ਤੇ ਇਕ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਰੋਲਬਾਗ ਅੱਗ ਹਾਦਸੇ ਦੀ ਮਜਿਸਟ੍ਰੇਟ ਜਾਂਚ ਦਾ ਹੁਕਮ ਦਿਤੇ ਗਏ ਹਨ। ਦੋਸ਼ੀਆਂ ਵਿਰੁਧ ਜਲਦ ਕਾਰਵਾਈ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਆਮਤੌਰ 'ਤੇ ਅਜਿਹੀਆਂ ਸੰਸਥਾਵਾਂ ਲਈ ਚਾਰ ਮੰਜ਼ਲ ਬਣਾਉਣ ਦੀ ਮਨਜ਼ੂਰੀ ਹੁੰਦੀ ਹੈ। 

ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਾਦਸੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਵੀ ਕਰ ਦਿਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਮਰਨ ਵਾਲਿਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਮੋਦੀ ਨੇ ਟਵੀਟ ਕੀਤਾ, ''ਦਿੱਲੀ ਦੇ ਕਰੋਲਬਾਗ ਵਿਚ ਅੱਗ ਲੱਗਣ ਕਾਰਨ ਲੋਕਾਂ ਦੀ ਮੌਤ ਤੋਂ ਕਾਫ਼ੀ ਦੁਖ਼ੀ ਹਾਂ। ਅਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪ੍ਰਵਾਰ ਨਾਲ ਮੇਰੀ ਹਮਦਰਦੀ।''

ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਵੀ ਘਟਨਾ 'ਤੇ ਦੁਖ਼ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਹੋਟਲ ਨੂੰ ਅਕਤੂਬਰ 2005 ਵਿਚ ਲਾਈਸੈਂਸ ਦਿਤਾ ਗਿਆ ਅਤੇ ਹਰ ਸਾਲ ਇਸ ਦਾ ਨਵੀਨੀਂਕਰਨ ਹੋ ਰਿਹਾ ਸੀ। ਪਿਛਲੀ ਵਾਲ ਲਾਈਸੈਂਸ ਦਾ ਨਵੀਨੀਕਰਨ 25 ਮਈ 2018 ਨੂੰ ਕੀਤਾ ਗਿਆ ਸੀ ਜੋ ਇਸ ਸਾਲ 31 ਮਾਰਚ ਤਕ ਲਾਗੂ ਹੈ। (ਪੀਅੀਆਈ)