ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਮਾਂ ਤੋਂ ਜੈਪੁਰ 'ਚ ਪੁੱਛ-ਪੜਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਕਾਨੇਰ ਜ਼ਿਲ੍ਹੇ 'ਚ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ.....

Robert Vadra

ਜੈਪੁਰ : ਬੀਕਾਨੇਰ ਜ਼ਿਲ੍ਹੇ 'ਚ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਤੋਂ ਪੁੱਛ-ਪੜਤਾਲ ਕੀਤੀ। ਇਸੇ ਸਿਲਸਿਲੇ 'ਚ ਵਾਡਰਾ ਦੀ ਮਾਂ ਮੌਰੀਨ ਵਾਡਰਾ ਤੋਂ ਵੀ ਪੁੱਛ-ਪੜਤਾਲ ਕੀਤੀ ਗਈ।  
ਵਾਡਰਾ ਸਵੇਰੇ ਸਾਢੇ ਦਸ ਵਜੇ ਅਪਣੀ ਮਾਂ ਨਾਲ ਖੇਤਰੀ ਦਫ਼ਤਰ ਪੁੱਜੇ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਨੂੰ ਉਥੇ ਛੱਡਣ ਆਈ ਸੀ। ਲਗਭਗ ਡੇਢ ਘੰਟੇ ਬਾਅਦ ਮੌਰੀਨ ਵਾਡਰਾ ਈ.ਡੀ. ਦੇ ਦਫ਼ਤਰ ਤੋਂ ਚਲੀ ਗਈ। ਜਦਕਿ ਵਾਡਰਾ ਤਿੰਨ ਘੰਟੇ ਬਾਅਦ ਈ.ਡੀ. ਦੇ ਦਫ਼ਤਰ ਤੋਂ ਬਾਹਰ ਨਿਕਲੇ।

ਹਾਲਾਂਕਿ ਇਕ ਘੰਟੇ ਬਾਅਦ ਢਾਈ ਵਜੇ ਉਹ ਵਾਪਸ ਪਰਤ ਆਏ। ਈ.ਡੀ. ਦੇ ਅਧਿਕਾਰੀਆਂ ਨੇ ਕਿਹਾ ਕਿ ਵਾਡਰਾ ਤੋਂ ਪੁੱਛ-ਪੜਤਾਲ ਬੁਧਵਾਰ ਨੂੰ ਵੀ ਜਾਰੀ ਰਹੇਗੀ। 
ਰਾਬਰਟ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਉਨ੍ਹਾਂ ਦੀ 75 ਸਾਲਾ ਮਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਂਉਦਿਆਂ ਮੰਗਲਵਾਰ ਨੂੰ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਇਹ ਬਦਲੇ ਵਾਲੀ ਸਰਕਾਰ ਇਨਾਂ ਹੇਠਾਂ ਡਿੱਗ ਜਾਵੇਗੀ। ਜੈਪੁਰ ਵਿਚ ਅੱਜ ਈਡੀ ਵਾਡਰਾ ਅਤੇ ਉਨ੍ਹਾਂ ਦੀ ਮਾਂ ਮਾਰੀਨ ਤੋਂ ਜ਼ਮੀਨ ਖ਼ਰੀਦ ਮਾਮਲੇ ਵਿਚ ਪੁੱਛ-ਪੜਤਾਲ ਕਰ ਰਹੀ ਹੈ। ਪੁਛ-ਪੜਤਾਲ ਤੋਂ ਪਹਿਲਾਂ ਵਾਡਰਾ ਨੇ ਫ਼ੇਸਬੁੱਕ ਪੋਸਟ ਵਿਚ ਕਿਹਾ, ''ਈਡੀ ਦੇ ਸਾਹਮਣੇ ਪੇਸ਼ ਹੋਣ ਲਈ ਮੈਂ

ਅਤੇ ਮੇਰੀ 75 ਸਾਲਾ ਦੀ ਮਾਂ ਜੈਪੁਰ ਵਿਚ ਹਾਂ। ਸਮਝ ਨਹੀਂ ਆ ਰਿਹਾ ਕਿ ਇਕ ਬਜ਼ੁਰਗ ਨੂੰ ਪ੍ਰੇਸ਼ਾਨ ਕਰਨ ਲਈ ਬਦਲੇ ਵਾਲੀ ਸਰਕਾਰ ਇਨਾਂ ਡਿੱਗ ਜਾਵੇਗੀ।'' 
ਅਪਣੀ ਮਾਂ ਦੇ ਜੀਵਨ ਵਿਚ ਆਈਆਂ ਦੁਖ਼ਦ ਘਟਨਾਵਾਂ ਦਾ ਜ਼ਿਕਰ ਕਰਦਿਆਂ ਵਾਡਰਾ ਨੇ ਕਿਹਾ, ''ਪ੍ਰਵਾਰ ਵਿਚ ਤਿੰਨ ਮੌਤਾਂ ਮਗਰੋਂ ਮੈ ਅਪਣੀ ਮਾਂ ਨੂੰ ਕਿਹਾ ਹੈ ਕਿ ਉਹ ਮੇਰੇ ਨਾਲ ਦਫ਼ਤਰ ਵਿਚ ਰਹਿਣ ਤਾਂਕਿ ਅਸੀ ਦੁਖ਼ ਵੰਡ ਸਕੀਏ ਅਤੇ ਇਕੱਠੇ ਸਮਾਂ ਬਿਤਾ ਸਕੀਏ। ਹੁਣ ਮੇਰੇ ਨਾਲ ਦਫ਼ਤਰ ਵਿਚ ਰਹਿਣ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ।'' 

ਉਨ੍ਹਾਂ ਅਪਣੇ ਵਿਰੁਧ ਦੋਸ਼ਾਂ ਦੀ ਕਾਨੂੰਨੀ ਸਮਾਂ ਸੀਮਾਂ 'ਤੇ ਸਵਾਲ ਚੁੱਕਦਿਆਂ ਕਿਹਾ, ''ਜੇਕਰ ਕੋਈ ਮੁੱਦਾ ਅਤੇ ਗ਼ੈਰ-ਕਾਨੂੰਨੀ ਗੱਲ ਸੀ ਤਾਂ ਇਸ ਸਰਕਾਰ ਨੇ ਚਾਰ ਸਾਲ ਅਤੇ ਅੱਠ ਮਹੀਨੇ ਦਾ ਸਮਾਂ ਕਿਉਂ ਲਾਇਆ?'' ਵਾਡਰਾ ਨੇ ਕਿਹਾ, ''ਆਮ ਚੋਣਾ ਲਈ ਪ੍ਰਚਾਰ ਸ਼ੁਰੂ ਹੋਦ ਦੇ ਇਕ ਮਹੀਨਾਂ ਪਹਿਲਾਂ ਮੈਨੂੰ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਕੀ ਉਹ ਸਮਝਦੇ ਹਨ ਕਿ ਜਨਤਾ ਨਹੀਂ ਜਾਣਦੀ ਕਿ ਇਹ ਚੋਣ ਹੱਥਕੰਡਾ ਹੈ?'' ਉਨ੍ਹਾਂ ਕਿਹਾ ਕਿ ਉਹ ਸਵਾਲ ਦਾ ਪੂਰੇ ਸਤਿਕਾਰ ਅਤੇ ਨਿਮਰਤਾ ਨਾਲ ਜਵਾਬ ਦੇਣਗੇ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਲਈ ਕੁੱਝ ਨਹੀਂ ਹੈ। (ਪੀਟੀਆਈ)