ਬੱਸ ਕੁੱਝ ਹੀ ਘੰਟੇ ਬਾਕੀ ਹਨ, ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਹਾਜ਼ਰ ਹੋਣਗੇ Junior Kejriwal

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ ਹਨ।

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਨ ਲਈ ਤਿਆਰ ਹਨ। ਐਤਵਾਰ ਯਾਨੀ ਅੱਜ ਦਿੱਲੀ ਦੇ ਇਤਿਹਾਸਕ ਮੈਦਾਨ ਵਿਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ।

ਇਸ ਖ਼ਾਸ ਮੌਕੇ ‘ਤੇ ਆਮ ਆਦਮੀ ਪਾਰਟੀ ਨੇ ਇਕ ਬਹੁਤ ਹੀ ਖ਼ਾਸ ਮਹਿਮਾਨ ਨੂੰ ਸੱਦਾ ਦਿੱਤਾ ਹੈ, ਜੋ ਇਸ ਇਤਿਹਾਸਕ ਪਲ ਦਾ ਗਵਾਹ ਬਣੇਗਾ। ਆਮ ਆਦਮੀ ਪਾਰਟੀ ਦੀ ਜਿੱਤ ਦੇ ਨਾਲ ਹੀ ਚਰਚਾ ਵਿਚ ਆਏ ‘ਬੇਬੀ ਮਫਲਰਮੈਨ’ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿਚ ਖ਼ਾਸ ਮਹਿਮਾਨ ਹੋਣਗੇ।

ਇਸ ਦਾ ਐਲਾਨ ਆਮ ਆਦਮੀ ਪਾਰਟੀ ਨੇ ਅਪਣੇ ਟਵਿਟਰ ਹੈਂਡਲ ‘ਤੇ ਕੀਤਾ ਸੀ। ਟਵੀਟ ਵਿਚ ਆਮ ਆਦਮੀ ਪਾਰਟੀ ਨੇ ਲਿਖਿਆ ਹੈ, ‘ਵੱਡਾ ਐਲਾਨ: ਬੇਬੀ ਮਫਲਰਮੈਨ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਤਿਆਰ ਹੋ ਜਾਓ ਜੂਨੀਅਰ’।

ਜ਼ਿਕਰਯੋਗ ਹੈ ਕਿ ਜਿਸ ਦਿਨ ਚੋਣਾਂ ਦੇ ਨਤੀਜੇ ਆ ਰਹੇ ਸੀ, ਉਸ ਸਮੇਂ ਇਸ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਜੂਨੀਅਰ ਕੇਜਰੀਵਾਲ ਦੇ ਨਾਂਅ ਨਾਲ ਮਸ਼ਹੂਰ ਹੋਇਆ ਇਹ ਬੱਚਾ ਬਿਲਕੁਲ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਦਿਖਾਈ ਦੇ ਰਿਹਾ ਸੀ। ਇਸ ਬੱਚੇ ਨੇ ਇਕ ਸਾਦਾ ਸਵੈਟਰ, ਮਫਲਰ, ਟੋਪੀ ਅਤੇ ਇਕ ਚਸ਼ਮਾ ਲਗਾਇਆ ਹੋਇਆ ਸੀ।

ਦੱਸ ਦਈਏ ਕਿ ਇਹ ‘ਜੂਨੀਅਰ ਕੇਜਰੀਵਾਲ’ ਅਵਯਾਨ ਤੋਮਰ ਹੈ। ਦਿੱਲੀ ਦੇ ਮਯੂਰ ਵਿਹਾਰ ਵਿਚ ਰਹਿਣ ਵਾਲੇ ਰਾਹੁਲ ਤੋਮਰ ਦੇ ਲੜਕੇ ਅਵਯਾਨ ਤੋਮਰ ਦੀ ਉਮਰ ਇਕ ਸਾਲ ਹੈ। ਚੋਣ ਨਤੀਜਿਆਂ ਵਾਲੇ ਦਿਨ ਅਵਯਾਨ ਨੇ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਆਮ ਆਦਮੀ ਪਾਰਟੀ ਵਲੋਂ ਇਸ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੂਰੀ ਦਿੱਲੀ ਨੂੰ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਕਿਸੇ ਵੀ ਬਾਹਰੀ ਆਗੂ ਨੂੰ ਜਾਂ ਹੋਰ ਸੂਬਿਆਂ ਦੇ ਮੁੱਖ ਮੰਤਰੀ ਨੂੰ ਸਹੁੰ ਚੁੱਕ ਸਮਾਗਮ ਵਿਚ ਨਹੀਂ ਬੁਲਾਇਆ ਗਿਆ ਹੈ।