Bengaluru News: ਕਾਰ ਚਲਾਉਂਦੇ ਹੋਏ ਲੈਪਟਾਪ ’ਤੇ ਕੰਮ ਕਰਨਾ ਔਰਤ ਨੂੰ ਪਿਆ ਮਹਿੰਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

Bengaluru News: ਸੋਸ਼ਲ ਮੀਡੀਆ ’ਤੇ ਵੀਡੀਉ ਵਾਇਰਲ ਹੋਣ ਬਾਅਦ ਪੁਲਿਸ ਨੇ ਕੀਤਾ ਚਲਾਨ

Working on laptop while driving cost a woman money

ਪੁਲਿਸ ਨੇ ਐਕਸ ’ਤੇ ਪੋਸਟ ਪਾ ਕਿਹਾ, ‘‘ਘਰ ਤੋਂ ਕੰਮ ਕਰੋ, ਕਾਰ ਤੋਂ ਨਹੀਂ’’

Bengaluru News: ਕਰਨਾਟਕ ਦੇ ਬੈਂਗਲੁਰੂ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਕਾਰ ਚਲਾਉਂਦੇ ਸਮੇਂ ਲੈਪਟਾਪ ’ਤੇ ਕੰਮ ਕਰ ਰਹੀ ਸੀ। ਜਦੋਂ ਇਸ ਖ਼ਤਰਨਾਕ ਕਾਰੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਮਾਮਲਾ ਸੁਰਖੀਆਂ ’ਚ ਆ ਗਿਆ। ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਦਾ ਪਤਾ ਲਗਾ ਕੇ ਉਸ ਵਿਰੁਧ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੈਂਗਲੁਰੂ ਦੇ ਆਰਟੀ ਨਗਰ ਇਲਾਕੇ ਦੀ ਹੈ। ਕਾਰ ਚਲਾਉਂਦੇ ਸਮੇਂ ਇਕ ਔਰਤ ਲੈਪਟਾਪ ’ਤੇ ਕੰਮ ਕਰ ਰਹੀ ਸੀ। ਇਕ ਰਾਹਗੀਰ ਨੇ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਫ਼ਿਕ ਪੁਲਿਸ ਨੇ ਕਾਰਵਾਈ ਕੀਤੀ। ਵੀਡੀਓ ਦੇ ਆਧਾਰ ’ਤੇ ਪੁਲਿਸ ਨੇ ਗੱਡੀ ਦੀ ਨੰਬਰ ਪਲੇਟ ਦੀ ਪਛਾਣ ਕਰ ਕੇ ਔਰਤ ਦਾ ਪਤਾ ਲਗਾਇਆ। 

ਪੁਲਿਸ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਲਈ ਔਰਤ ’ਤੇ 1,000 ਰੁਪਏ ਦਾ ਚਲਾਨ ਜਾਰੀ ਕੀਤਾ। ਇਸ ਘਟਨਾ ’ਤੇ ਬੈਂਗਲੁਰੂ ਟਰੈਫ਼ਿਕ ਪੁਲਿਸ ਦੇ ਡਿਪਟੀ ਕਮਿਸ਼ਨਰ (ਉੱਤਰੀ ਡਿਵੀਜ਼ਨ) ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਪੋਸਟ ਕੀਤਾ ਅਤੇ ਲਿਖਿਆ, ‘‘ਘਰ ਤੋਂ ਕੰਮ ਕਰੋ, ਕਾਰ ਤੋਂ ਨਹੀਂ।’’ ਇਸ ਟਵੀਟ ਦੇ ਨਾਲ ਪੁਲਿਸ ਨੇ ਮਹਿਲਾ ਦੀ ਕਾਰ ਦੀ ਤਸਵੀਰ ਅਤੇ ਚਲਾਨ ਦੀ ਕਾਪੀ ਵੀ ਸ਼ੇਅਰ ਕੀਤੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਜਾਗਰੂਕਤਾ ਵਧਾਉਣ ਦੀ ਲੋੜ ਜ਼ਾਹਰ ਕੀਤੀ। ਟਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਫ਼ੋਨ ਜਾਂ ਲੈਪਟਾਪ ਦੀ ਵਰਤੋਂ ਕਰਨ ਵਰਗੀ ਕੋਈ ਗਤੀਵਿਧੀ ਨਾ ਕਰਨ। ਪੁਲਿਸ ਲਗਾਤਾਰ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ, ਤਾਂ ਜੋ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।