ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੀਐਸਟੀ ਅਤੇ ਅਜ਼ਹਰ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੱਲਾ ਬੋਲਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਜੀਐਸਟੀ ਤੇ ਮਸੂਦ ਅਜ਼ਹਰ ਸਮੇਤ ਹੋਰ ਕਈ ਮੁੱਦਿਆਂ ’ਤੇ ਘੇਰਿਆ

Rahul Gandhi

ਅਹਿਮਦਾਬਾਦ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਤੋਂ ਉਨ੍ਹਾਂ ’ਤੇ ਹੱਲਾ ਬੋਲਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਜੀਐਸਟੀ ਤੇ ਮਸੂਦ ਅਜ਼ਹਰ ਸਮੇਤ ਹੋਰ ਕਈ ਮੁੱਦਿਆਂ ’ਤੇ ਘੇਰਿਆ। ਰਾਹੁਲ ਨੇ ਸ੍ਰੀ ਮੋਦੀ ਨੂੰ 2014 ਦੀਆਂ ਆਮ ਚੋਣਾਂ ਦੌਰਾਨ ਹਰੇਕ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ‘ਜਮ੍ਹਾਂ’ ਕਰਾਉਣ ਦੇ ਚੋਣ ਵਾਅਦੇ ਨੂੰ ਵੀ ਚੇਤੇ ਕਰਵਾਇਆ।

ਗਾਂਧੀਨਗਰ ਜ਼ਿਲ੍ਹੇ ਵਿਚ ਅਦਾਲਾਜ ਪਿੰਡ ਨੇੜੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਨੂੰ ਮੁੜ ‘ਗੱਬਰ ਸਿੰਘ ਟੈਕਸ’ ਗਰਦਾਨਦਿਆਂ ਕਿਹਾ ਕਿ ਇਹ ਟੈਕਸ ਲੋਕਾਂ ਦੀ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਵਪਾਰੀਆਂ ਨੂੰ ਇਸ ਟੈਕਸ ਦੀ ਸਮਝ ਨਹੀਂ ਹੈ। ਉਨ੍ਹਾਂ ਰੈਲੀ ਵਿਚ ਮੌਜੂਦ ਲੋਕਾਂ ਨੂੰ ਸਵਾਲ ਕੀਤਾ, ‘ਕੀ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਦੇ ਖਾਤਿਆਂ ਵਿਚ 15 ਲੱਖ ਰੁਪਏ ਮਿਲ ਗਏ ਹਨ?’ ਪੁਲਵਾਮਾ ਦਹਿਸ਼ਤੀ ਹਮਲੇ, ਉਸ ਮਗਰੋਂ ਭਾਰਤ ਵੱਲੋਂ ਕੀਤੇ ਹਵਾਈ ਹਮਲਿਆਂ ਅਤੇ ਭਾਰਤ-ਪਾਕਿ ਦੀਆਂ ਹਵਾਈ ਫੌਜਾਂ ਦਰਮਿਆਨ ਹੋਏ ਹਵਾਈ ਟਕਰਾਅ ਦੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹੀ ਸੀ, ਜੋ ਖੁ਼ਦ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਜਹਾਜ਼ ਰਾਹੀਂ ਰਿਹਾਅ ਕਰ ਕੇ ਆਇਆ ਸੀ।

-ਪੀਟੀਆਈ