ਹਵਾਈ ਹਾਦਸੇ ਪਿੱਛੋਂ ਬੋਇੰਗ-737 ਦੀ ਉਡਾਨ’ਤੇ ਭਾਰਤ ਵਿਚ ਲੱਗੀ ਪਾਬੰਦੀ
ਹਾਦਸੇ 'ਚ ਮਾਰੇ ਗਏ 157 ਯਾਤਰੀਆਂ ਦੇ ਮਾਮਲੇ ਪਿੱਛੋਂ ਭਾਰਤ ਨੇ ਬੋਇੰਗ 737 MAX 8 ਮਾਡਲ ਦੇ ਜਹਾਜ਼ਾਂ ਦੀਆਂ ਉਡਾਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ...
ਨਵੀਂ ਦਿੱਲੀ- ਇਥੀਓਪਿਅਨ ਏਅਰਲਾਇੰਸ ਹਾਦਸੇ 'ਚ ਮਾਰੇ ਗਏ 157 ਯਾਤਰੀਆਂ ਦੇ ਮਾਮਲੇ ਪਿੱਛੋਂ ਭਾਰਤ ਨੇ ਬੋਇੰਗ 737 MAX8 ਮਾਡਲ ਦੇ ਜਹਾਜ਼ਾਂ ਦੀਆਂ ਉਡਾਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਡੀਜੀਸੀਏ ਦੀ ਬੈਠਕ 'ਚ ਇਸ ਜਹਾਜ਼ ਦੀ ਉਡਾਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਕ ਖ਼ਬਰ ਦੇ ਮੁਤਾਬਕ ਇੰਗਲੈਂਡ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਜਰਮਨੀ ਅਤੇ ਓਮਾਨ ਨੇ ਵੀ ਆਪਣੇ ਹਵਾਈ ਖੇਤਰ 'ਚ ਬੋਇੰਗ 737 MAX 8 ਦੀ ਉਡਾਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ।
ਹਾਲਾਂਕਿ ਅਮਰੀਕਾ ਨੇ ਅਜੇ ਤੱਕ ਇਸ ਜਹਾਜ਼ ਦੀ ਉਡਾਨ ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਇਸ ਤੋਂ ਪਹਿਲਾਂ ਇਥੀਓਪਿਆ, ਚੀਨ, ਇੰਡੋਨੇਸ਼ੀਆ, ਬ੍ਰਾਜ਼ੀਲ, ਨੀਦਰਲੈਂਡ ਨੇ ਇਸ ਬੋਇੰਗ 737 MAX 8 ਦੀ ਉਡਾਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਡਲ ਦੇ ਹਵਾਈ ਜਹਾਜ਼ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਦੀ ਗਿਣਤੀ ਹੋਰ ਵੱਧ ਗਈ ਹੈ। ਭਾਰਤ 'ਚ ਦੋ ਭਾਰਤੀ ਕੰਪਨੀਆਂ ਸਪਾਈਸਜੈਟ ਕੋਲ 12 ਅਤੇ ਜੈਟ ਏਅਰਵੇਜ਼ ਕੋਲ ਇਸ ਮਾਡਲ ਦੇ 5 ਜਹਾਜ਼ ਹਨ।
ਇਸ ਪਾਬੰਦੀ ਮਗਰੋਂ ਹਾਲ ਦੇ ਦਿਨਾਂ ਦੀਆਂ ਕਈ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਵਾਬਾਜ਼ੀ ਮੰਤਰਾਲਾ ਦੇ ਇਕ ਟਵੀਟ ਮੁਤਾਬਕ ਡੀਜੀਸੀਏ ਦੇ ਇਸ ਫੈਸਲੇ ਮਗਰੋਂ ਇਹ ਜਹਾਜ਼ ਉਡਾਨ ਨਹੀਂ ਭਰਨਗੇ। ਇਥੀਓਪਿਅਨ ਏਅਰਲਾਇੰਸ ਹਾਦਸੇ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਭਾਰਤ 'ਚ ਇਹ ਫੈਸਲਾ ਲਿਆ ਗਿਆ ਹੈ।
ਭਾਰਤ 'ਚ ਉਨ੍ਹਾਂ ਪਾਇਲਟਾਂ ਨੂੰ ਹੀ ਜਹਾਜ਼ ਦੇ ਇਸ ਮਾਡਲ ਨੂੰ ਉਡਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਹੜੇ ਘੱਟੋ ਘੱਟ 1000 ਘੰਟਿਆਂ ਦੀ ਉਡਾਨ ਦਾ ਤਜੁਰਬਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਇਥੀਓਪਿਅਨ ਏਅਰਲਾਇੰਸ ਦਾ ਬੋਇੰਗ 737 ਜਹਾਜ਼ ਕ੍ਰੈਸ਼ ਹੋ ਗਿਆ ਸੀ। ਹਾਦਸੇ 'ਚ 8 ਅਮਲਾ ਮੈਂਬਰਾਂ ਸਮੇਤ 157 ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸੇ 'ਚ ਇਥੀਓਪਿਆ ਨੇ ਜਹਾਜ਼ ਦੇ ਇਸ ਮਾਡਲ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਸੀ।