ਦਿੱਲੀ ਬਾਰਡਰਾਂ ’ਤੇ ਬਣੇ ਪੱਕੇ ਮਕਾਨਾਂ ਨੂੰ ਲੈ ਕੇ NHAI ਨੇ ਕਿਸਾਨਾਂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਆਨੰਦ ਤੇ ਨਗਰ ਪਾਲਿਕਾ ਕੁੰਡਲੀ ਦੇ ਪਵਨ ਦੇ ਬਿਆਨ 'ਤੇ ਪੁਲਿਸ ਨੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਢੇ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ ਪਰ ਗੱਲਬਾਤ ਦਾ ਦੌਰ ਅਧਵਾਟੇ ਛੱਡ ਕੇਂਦਰ ਸਰਕਾਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁੱਝ ਗਈ ਹੈ। ਕੇਂਦਰ ਦੇ ਵਤੀਰੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਲੰਮੇਰੇ ਸੰਘਰਸ਼ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਆਖਰਾ ਦੀ ਠੰਡ ਤੋਂ ਬਾਅਦ ਚੱਲ ਰਹੇ ਬਹਾਰ ਦੇ ਮੌਸਮ ਨੇ ਹੁਣ ਭਰ ਗਰਮੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਅੱਜ ਐੱਨਐੱਚਏਆਈ ਅਤੇ ਨਗਰ ਪਾਲਿਕਾ ਨੇ ਇਸ ਕਾਰਨ ਕਿਸਾਨਾਂ ਖਿਲਾਫ ਕੇਸ ਦਰਜ ਕਰਵਾਏ ਹਨ। ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਆਨੰਦ ਤੇ ਨਗਰ ਪਾਲਿਕਾ ਕੁੰਡਲੀ ਦੇ ਪਵਨ ਦੇ ਬਿਆਨ 'ਤੇ ਪੁਲਿਸ ਨੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
"ਅਸੀਂ ਮਾਮਲੇ ਨੂੰ ਲੈ ਕੇ ਕੁੰਡਲੀ ਪੁਲਿਸ ਥਾਣੇ ਦੇ ਇੰਸਪੈਕਟਰ ਰਵੀ ਕੁਮਾਰ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ, "ਇਸ ਮਾਮਲੇ ਨੂੰ ਲੈ ਕੇ NHAI ਵੱਲੋਂ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਚਲ ਰਹੀ ਹੈ।"
ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਉਹੀ ਹੈ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਇੱਥੇ ਹੀ ਰਹਿਣਗੇ। ਦੂਜੇ ਪਾਸੇ ਅੱਜ ਕਿਸਾਨ ਸੋਸ਼ਲ ਆਰਮੀ ਨੇ ਟਿਕਰੀ ਸਰਹੱਦ 'ਤੇ ਪੱਕੇ ਤੌਰ 'ਤੇ ਮਕਾਨ ਬਣਾਏ। ਕਿਸਾਨਾਂ ਦਾ ਕਹਿਣਾ ਹੈ ਇਹ ਮਕਾਨ ਮਜ਼ਬੂਤ, ਸਥਾਈ ਹਨ ਜਿਵੇਂ ਕਿ ਕਿਸਾਨਾਂ ਦੀ ਇੱਛਾ ਅਨੁਸਾਰ ਹਨ। ਇਸ ਦੇ ਨਾਲ ਹੀ 25 ਮਕਾਨ ਬਣਾਏ ਗਏ ਅਤੇ 1000-2000 ਸਮਾਨ ਮਕਾਨ ਆਉਣ ਵਾਲੇ ਦਿਨਾਂ ਵਿਚ ਬਣਨਗੇ।