ਕਿਸਾਨ ਸੋਸ਼ਲ ਆਰਮੀ ਵੱਲੋਂ ਟਿਕਰੀ ਬਾਰਡਰ 'ਤੇ ਪੱਕੀਆਂ ਉਸਾਰੀਆਂ ਕਰਨ ਲੱਗੇ ਕਿਸਾਨ, ਬਣਾਏ 25 ਮਕਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ 25 ਮਕਾਨ ਬਣਾਏ ਗਏ ਅਤੇ 1000-2000 ਸਮਾਨ ਮਕਾਨ ਆਉਣ ਵਾਲੇ ਦਿਨਾਂ ਵਿਚ ਬਣਨਗੇ।

Tikri border

ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਢੇ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ ਪਰ ਗੱਲਬਾਤ ਦਾ ਦੌਰ ਅਧਵਾਟੇ ਛੱਡ ਕੇਂਦਰ ਸਰਕਾਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁੱਝ ਗਈ ਹੈ। ਕੇਂਦਰ ਦੇ ਵਤੀਰੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਲੰਮੇਰੇ ਸੰਘਰਸ਼ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਆਖਰਾ ਦੀ ਠੰਡ ਤੋਂ ਬਾਅਦ ਚੱਲ ਰਹੇ ਬਹਾਰ ਦੇ ਮੌਸਮ ਨੇ ਹੁਣ ਭਰ ਗਰਮੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ।

ਇਸ ਨੂੰ ਵੇਖਦਿਆਂ ਅੱਜ ਕਿਸਾਨ ਸੋਸ਼ਲ ਆਰਮੀ ਨੇ ਟਿਕਰੀ ਸਰਹੱਦ 'ਤੇ ਪੱਕੇ ਤੌਰ 'ਤੇ ਮਕਾਨ ਬਣਾਏ। ਕਿਸਾਨਾਂ ਦਾ ਕਹਿਣਾ ਹੈ ਇਹ ਮਕਾਨ ਮਜ਼ਬੂਤ, ਸਥਾਈ ਹਨ ਜਿਵੇਂ ਕਿ ਕਿਸਾਨਾਂ ਦੀ ਇੱਛਾ ਅਨੁਸਾਰ ਹਨ। ਇਸ ਦੇ ਨਾਲ ਹੀ 25 ਮਕਾਨ ਬਣਾਏ ਗਏ ਅਤੇ 1000-2000 ਸਮਾਨ ਮਕਾਨ ਆਉਣ ਵਾਲੇ ਦਿਨਾਂ ਵਿਚ ਬਣਨਗੇ।

ਸੰਘਰਸ਼ੀ ਕਿਸਾਨਾਂ ਨੇ ਵੀ ਅਗਲੇਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਗਰਮੀ ਤੋਂ ਬਚਾਅ ਲਈ ਕੂਲਰ, ਪੱਖੇ, ਫਰਿੱਜਾਂ ਤੋਂ ਇਲਾਵਾ ਹੋਰ ਬਿਜਲਈ ਉਪਕਰਨਾਂ ਦੀ ਭਰਪਾਈ ਲਗਾਤਾਰ ਜਾਰੀ ਹੈ।

ਭਰ ਗਰਮੀ ਅਤੇ ਉਸ ਤੋਂ ਬਾਅਦ ਬਰਸਾਤਾਂ ਦੇ ਮੌਸਮ ਨੂੰ ਵੇਖਦਿਆਂ ਕਿਸਾਨਾਂ ਨੇ ਹੁਣ ਦਿੱਲੀ ਦੇ ਬਾਰਡਰਾਂ 'ਤੇ ਪੱਕੀਆਂ ਉਸਾਰੀਆਂ ਕਰਨਾ ਆਰੰਭ ਦਿੱਤਾ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਉਹੀ ਹੈ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਇੱਥੇ ਹੀ ਰਹਿਣਗੇ।