ਬੀਜੇਡੀ ਦੇ ਮੁਅੱਤਲ ਵਿਧਾਇਕ ਨੇ ਭੀੜ 'ਤੇ ਚੜ੍ਹਾਈ ਕਾਰ, 7 ਪੁਲਿਸ ਮੁਲਾਜ਼ਮਾਂ ਸਮੇਤ 22 ਲੋਕ ਗੰਭੀਰ ਜ਼ਖ਼ਮੀ
ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਰੰਜਨ ਪਟਨਾਇਕ ਨੇ ਇਸ ਨੂੰ ਦੱਸਿਆ ਨਿੰਦਣਯੋਗ ਘਟਨਾ
ਓਡੀਸ਼ਾ : ਸਥਾਨਕ ਬੀਜਦ ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਆਪਣੀ ਕਰ ਭੀੜ 'ਤੇ ਚੜ੍ਹਾ ਦਿੱਤੀ ਜਿਸ ਕਾਰਨ ਸੱਤ ਪੁਲਿਸ ਕਰਮਚਾਰੀਆਂ ਸਮੇਤ ਘੱਟੋ ਘੱਟ 22 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਖੁਰਦਾ ਜ਼ਿਲ੍ਹੇ ਦੇ ਬਾਨਾਪੁਰ ਦੀ ਹੈ। ਇਸ ਹਾਦਸੇ ਵਿੱਚ ਚਿਲਕਾ ਦੇ ਵਿਧਾਇਕ ਜਗਦੇਵ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ।
ਪੁਲਿਸ ਅਨੁਸਾਰ ਜਗਦੇਵ ਦੀ ਕਾਰ ਬਲਾਕ ਪ੍ਰਧਾਨ ਦੀ ਚੋਣ ਦੌਰਾਨ ਬੀਡੀਓ ਬਾਨਾਪੁਰ ਦੇ ਦਫ਼ਤਰ ਦੇ ਬਾਹਰ ਇਕੱਠੀ ਹੋਈ ਭੀੜ ਨਾਲ ਟਕਰਾ ਗਈ। ਇਸ ਘਟਨਾ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿਤਾ।
ਅਧਿਕਾਰੀਆਂ ਨੇ ਦੱਸਿਆ ਕਿ ਬਾਨਾਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਆਰ. ਆਰ. ਸਾਹੂ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਉਸ ਨੂੰ ਭੁਵਨੇਸ਼ਵਰ ਦੇ ਏਮਜ਼ ਹਸਪਤਾਲ ਲਿਜਾਇਆ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਕਰੀਬ 15 ਵਰਕਰ ਅਤੇ 7 ਪੁਲਿਸ ਕਰਮਚਾਰੀ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ ਨੇ ਪਿਛਲੇ ਸਾਲ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਕੁਮਾਰ ਜਗਦੇਵ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਜਗਦੇਵ 'ਤੇ ਖੁਰਦਾ ਜ਼ਿਲ੍ਹੇ 'ਚ ਭਾਜਪਾ ਦੇ ਇਕ ਸਥਾਨਕ ਨੇਤਾ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਦੋਸ਼ ਹੈ। ਬੀਜੇਡੀ ਪ੍ਰਧਾਨ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਉਨ੍ਹਾਂ ਨੂੰ ਖੁਰਦਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਰੰਜਨ ਪਟਨਾਇਕ ਨੇ ਬੀਜੂ ਜਨਤਾ ਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, 'ਲਖੀਮਪੁਰ ਖੇੜੀ ਚਿਲਕਾ ਤੋਂ ਬੀਜਦ ਵਿਧਾਇਕ ਪ੍ਰਸ਼ਾਂਤ ਜਗਦੇਵ ਦਾ ਪਲ! ਬੀਜੇਡੀ ਓਡੀਸ਼ਾ ਦੇ ਆਮ ਆਦਮੀ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਕਰਦੀ ਹੈ। ਅਜਿਹੇ ਨਿੰਦਣਯੋਗ ਅਤੇ ਅਣਮਨੁੱਖੀ ਕਾਰੇ ਦੀ ਨਿੰਦਾ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।''