ਭਾਜਪਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣ ਲੜਨਗੇ

Manohar Lal Kharat and Anurag Thakur

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅਪਣੇ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ। ਦੂਜੀ ਸੂਚੀ ’ਚ ਸਭ ਤੋਂ ਪ੍ਰਮੁੱਖ ਨਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੈ ਜਿਨ੍ਹਾਂ ਨੂੰ ਕਰਨਾਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਅੱਜ ਹੀ ਹਰਿਆਣਾ ਵਿਧਾਨ ਸਭਾ ’ਚੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। 

ਸੂਚੀ ’ਚ ਉੱਤਰਾਖੰਡ, ਮਹਾਰਾਸ਼ਟਰ, ਤੇਲੰਗਾਨਾ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਦਿੱਲੀ, ਗੁਜਰਾਤ, ਹਰਿਆਣਾ ਤੋਂ ਉਮੀਦਵਾਰਾਂ ਦੇ ਨਾਂ ਸ਼ਾਮਲ। ਦੂਜੀ ਸੂਚੀ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਹਿਮਾਚਲ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ, ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਕਰਨਾਟਕ ਦੇ ਹਾਵੇਰੀ ਤੋਂ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਧਾਰਵਾੜ ਤੋਂ ਉਮੀਦਵਾਰ ਬਣਾਇਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਕ ਵਾਰੀ ਫਿਰ ਨਾਗਪੁਰ ਤੋਂ ਉਮੀਦਵਾਰ ਹੋਣਗੇ। 

ਭਾਜਪਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਹਾਰਾਸ਼ਟਰ ਦੀ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਅਪਣਾ ਉਮੀਦਵਾਰ ਬਣਾਇਆ ਹੈ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਹਰਿਦੁਆਰ ਲੋਕ ਸਭਾ ਹਲਕੇ ਤੋਂ ਅਤੇ ਭਾਜਪਾ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਨੂੰ ਪੌੜੀ ਗੜ੍ਹਵਾਲ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਪੂਰਬੀ ਦਿੱਲੀ ਤੋਂ ਗੌਤਮ ਗੰਭੀਰ ਦੀ ਥਾਂ ਹਰਸ਼ ਮਲਹੋਤਰਾ ਅਤੇ ਉੱਤਰ ਪਛਮੀ ਦਿੱਲੀ ਤੋਂ ਹੰਸ ਰਾਜ ਹੰਸ ਦੀ ਥਾਂ ਯੋਗੇਂਦਰ ਚੰਦੋਲੀਆ ਨੂੰ ਉਮੀਦਵਾਰ ਬਣਾਇਆ ਹੈ।