ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਨਲਾਈਨ ਅਸ਼ਲੀਲ ਸਮੱਗਰੀ ’ਤੇ ਸਖ਼ਤ ਕਾਨੂੰਨ ਲਿਆਉਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਬੋਲਦਿਆਂ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਖਤਰਨਾਕ ਪੱਖਾਂ ’ਤੇ ਪ੍ਰਗਟਾਈ ਗੰਭੀਰ ਚਿੰਤਾ

Former cricketer Harbhajan Singh demands stricter laws on online pornography

ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਜ ਸਭਾ ਵਿਚ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਖਤਰਨਾਕ ਪੱਖਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਇੰਸਟਾਗ੍ਰਾਮ ਵਰਗੇ ਮੰਚਾਂ ’ਤੇ ‘ਸਾਫਟ ਪੌਰਨੋਗ੍ਰਾਫੀ’ ਵਰਗੀ ਸਮੱਗਰੀ ਆਸਾਨੀ ਨਾਲ ਉਪਲਬਧ ਹੈ, ਜਿਸ ਨੂੰ 12–13 ਸਾਲ ਦੇ ਬੱਚੇ ਵੀ ਇਕ ਕਲਿੱਕ ਨਾਲ ਵੇਖ ਸਕਦੇ ਹਨ।

ਹਰਭਜਨ ਸਿੰਘ ਨੇ ਚੇਤਾਵਨੀ ਦਿਤੀ  ਕਿ ‘‘ਬੱਚਿਆਂ ਨੂੰ ਛੋਟੀ ਉਮਰ ਵਿਚ ਅਜਿਹੀ ਸਮੱਗਰੀ ਵਿਖਾਉਣਾ ਸਾਡੇ ਭਵਿੱਖ ਲਈ ਨੁਕਸਾਨਦਾਇਕ ਹੈ।’’ ਉਨ੍ਹਾਂ ਨੇ ਜ਼ੋਰ ਦਿਤਾ ਕਿ ਇਹ ਨਾ ਸਿਰਫ਼ ਬੱਚਿਆਂ ਦੀ ਸੋਚ ਨੂੰ ਬਦਲ ਸਕਦਾ ਹੈ, ਸਗੋਂ ਔਰਤਾਂ ਦੀ ਤਸਵੀਰ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਦਾ ਹੈ।

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰਤ ਸਖ਼ਤ ਕਾਨੂੰਨ ਬਣਾਏ ਜਾਣ, ਪੌਰਨੋਗ੍ਰਾਫਿਕ ਵੈੱਬਸਾਈਟਾਂ ’ਤੇ ਪਾਬੰਦੀ ਲਗਾਈ ਜਾਵੇ ਅਤੇ ਡਿਜੀਟਲ ਮੰਚਾਂ ’ਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਹਰਭਜਨ ਨੇ ਕਿਹਾ, ‘‘ਇਹ ਸਮੱਗਰੀ ਸਮਾਜ ਲਈ ਕਿਸੇ ਵੀ ਤਰ੍ਹਾਂ ਦਾ ਲਾਭ ਨਹੀਂ ਲਿਆਉਂਦੀ, ਸਗੋਂ ਨੈਤਿਕ ਅਤੇ ਸਮਾਜਕ ਪਤਨ ਦਾ ਕਾਰਨ ਬਣਦੀ ਹੈ।’’

ਉਨ੍ਹਾਂ ਦੇ ਬਿਆਨ ਨੇ ਸੰਸਦ ਵਿਚ ਚਰਚਾ ਨੂੰ ਹੋਰ ਤੇਜ਼ ਕਰ ਦਿਤਾ ਹੈ ਅਤੇ ਹੁਣ ਵੇਖਣਾ ਇਹ ਹੈ ਕਿ ਸਰਕਾਰ ਇਸ ਗੰਭੀਰ ਮੁੱਦੇ ’ਤੇ ਕਿਹੜੇ ਕਦਮ ਚੁੱਕਦੀ ਹੈ।