ਸੰਖੇਪ ਖ਼ਬਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਰਹੇ...

all news

ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਰਹੇ ਬੰਦ

ਅੰਮ੍ਰਿਤਸਰ, 13 ਅਪ੍ਰੈਲ : ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਨਿਰਮਾਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਦੇ ਬਾਵਜੂਦ ਸ਼ੁਕਰਵਾਰ ਨੂੰ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ 'ਚ ਰਿਲੀਜ਼ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਪਣੇ ਸਮੂਹ ਅਦਾਰੇ ਬੰਦ ਰੱਖੇ ਗਏ। ਇਥੋਂ ਤਕ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਸੰਗਤਾਂ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ ਤੇ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਲਈ ਸਥਾਪਿਤ ਕੀਤਾ ਗਿਆ ਸੂਚਨਾ ਕੇਂਦਰ ਵੀ ਬੰਦ ਰੱਖਿਆ ਗਿਆ। ਜਿਸ ਕਾਰਨ ਵਿਦੇਸ਼ੀ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਵਲੋਂ ਵੀ ਅੱਜ ਰੋਸ ਵਜੋਂ ਕਾਲੀਆਂ ਦਸਤਾਰਾਂ ਸਜਾਈਆਂ ਗਈਆਂ ਹਨ।

 

ਮੇਨਕਾ ਗਾਂਧੀ ਬੱਚਿਆਂ ਨਾਲ ਜਬਰ ਜਨਾਹ ਅਪਰਾਧ 'ਤੇ ਮੌਤ ਦੀ ਸਜ਼ਾ ਦੀ ਰੱਖੇਗੀ ਮੰਗ

ਨਵੀਂ ਦਿੱਲੀ, 13 ਅਪ੍ਰੈਲ : ਜੰਮੂ ਕਸ਼ਮੀਰ ਦੇ ਕਠੂਆ ਵਿਚ 8 ਸਾਲਾਂ ਅਸੀਫ਼ਾ ਬਾਨੋ ਨਾਲ ਹੋਏ ਸਮੂਹਿਕ ਜਬਰ ਜਨਾਹ ਤੇ ਕਤਲ ਮਾਮਲੇ 'ਚ ਦੇਸ਼ ਭਰ 'ਚ ਦੁਖ ਤੇ ਗੁੱਸੇ ਦੀ ਲਹਿਰ ਹੈ। ਇਸ ਸਬੰਧੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀਡੀਓ ਸੰਦੇਸ਼ ਰਾਹੀਂ ਕਿਹਾ ਹੈ ਕਿ ਕਠੂਆ ਜਬਰ ਜਨਾਹ ਮਾਮਲੇ 'ਚ ਉਹ ਧੁਰ ਅੰਦਰੋਂ ਹਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਪੋਸਕੋ ਤੇ ਜਿਨਸੀ ਅਪਰਾਧਾਂ ਵਿਰੁਧ ਬੱਚਿਆਂ ਦੀ ਸੁਰੱਖਿਆ ਐਕਟ ਵਿਚ ਬਦਲਾਅ ਲਈ ਇਕ ਕੈਬਨਿਟ ਨੋਟ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ। ਜਿਸ ਵਿਚ 12 ਸਾਲਾਂ ਤੋਂ ਥੱਲੇ ਬੱਚਿਆਂ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਮੇਨਕਾ ਗਾਂਧੀ ਨੇ ਇਹ ਵੀਡੀਓ ਸੰਦੇਸ਼ ਯੂ-ਟਿਊਬ 'ਤੇ ਪਾਇਆ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 13 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਅਪਣੀ ਜਾਨ ਕੁਰਬਾਨ ਕੀਤੀ।

 

ਮਹਾਰਾਸ਼ਟਰ 'ਚ ਦੋ ਭੈਣਾਂ ਅਗਵਾ,  ਭਾਲ 'ਚ ਜੁਟੀ ਪੁਲਿਸ

ਠਾਣੇ,13 ਅਪ੍ਰੈਲ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਪੁਲਿਸ ਇਸ ਮਹੀਨੇ ਦੀ ਸ਼ੁਰੂਆਤ ਵਿਚ ਅਪਣੇ ਘਰ ਦੇ ਨਜ਼ਦੀਕ ਤੋਂ ਲਾਪਤਾ ਹੋਈਆਂ ਦੋ ਭੈਣਾਂ ਦੀ ਭਾਲ ਵਿਚ ਜੁੱਟ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਨੂੰ ਅਗਵਾ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਲੜਕੀਆਂ ਦੀ ਉਮਰ 17 ਅਤੇ 15 ਸਾਲ ਹੈ। ਉਹ ਦੋ ਅਪ੍ਰੈਲ ਦੀ ਸ਼ਾਮ ਇਲਾਕੇ ਦੀ ਕਰਿਆਨੇ ਦੀ ਦੁਕਾਨ 'ਤੇ ਗਈਆਂ ਸੀ ਪਰ ਵਾਪਸ ਨਹੀਂ ਪਰਤੀਆਂ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਾਰੀਆਂ ਥਾਵਾਂ 'ਤੇ ਉਨ੍ਹਾਂ ਨੂੰ ਲਭਿਆ ਪਰ ਉਹ ਨਹੀਂ ਮਿਲੀਆਂ, ਆਖ਼ਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। 

 

ਰੂਸੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋਹਾਂ ਪਾਇਲਟਾਂ ਦੀ ਮੌਤ

ਮਾਸਕੋ, 13 ਅਪ੍ਰੈਲ : ਰੂਸੀ ਫ਼ੌਜ ਦਾ ਇਕ ਹੈਲੀਕਾਪਟਰ ਬਾਲਟਿਕ ਸਾਗਰ ਵਿਚ ਰਾਤ ਦੀ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋ ਪਾਇਲਟਾਂ ਦੀ ਮੌਤ ਹੋ ਗਈ। ਨਿਊਜ ਏਜੰਸੀ ਨੇ ਰੂਸੀ ਬਾਲਟਿਕ ਫਲੀਟ ਦੇ ਬਿਆਨ ਦੇ ਹਵਾਲੇ ਤੋਂ ਦਸਿਆ ਕਿ ਇਹ ਦੁਰਘਟਨਾ ਮਾਸਕੋ ਦੇ ਸਮੇਂ ਅਨੁਸਾਰ ਕੱਲ ਰਾਤ 11 ਵਜ ਕੇ 30 ਮਿੰਟ ਉਤੇ ਹੋਈ।ਦਸਿਆ ਜਾ ਰਿਹਾ ਹੈ ਕਿ ਕੇਏ-29 ਹੈਲੀਕਾਪਟਰ ਵਿਚ ਸਵਾਰ ਦੋਨਾਂ ਪਾਇਲਟਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਬਰਾਮਦ ਕਰਨ ਲਈ ਤਲਾਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ।

 

ਪੰਦਰਾਂ ਸਾਲ ਦੇ ਅਨੀਸ਼ ਭਾਨਵਾਲਾ ਨੇ ਸੋਨਾ ਜਿੱਤ ਕੇ ਰਚਿਆ ਇਤਹਾਸ 
 

ਬ੍ਰਿਸਬੇਨ,13 ਅਪ੍ਰੈਲ : ਪੰਦਰਾਂ ਸਾਲ ਦੇ ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਬੇਲਮੋਂਟ ਨਿਸ਼ਾਨੇਬਾਜੀ ਰੇਂਜ ਉਤੇ ਇਤਹਾਸ ਰਚਦੇ ਹੋਏ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਮਗਾ ਜਿਤਣ ਵਾਲੇ ਦੇਸ਼ ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ। ਰਾਸ਼ਟਰਮੰਡਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਨੀਸ਼ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫ਼ਾਇਰ ਪਿਸਟਲ ਵਿਚ ਖੇਡਾਂ ਦੇ ਰਿਕਾਰਡ ਦੇ ਨਾਲ ਪੀਲਾ ਤਮਗਾ ਅਪਣੀ ਝੋਲੀ ਵਿਚ ਪਾਇਆ। 

 

ਕਾਮਨਵੈਲਥ ਖੇਡਾਂ : ਫਰੀਸਟਾਈਲ ਕੁਸ਼ਤੀ 'ਚ ਭਾਰਤ ਨੂੰ ਗੋਲਡ

ਗੋਲਡ ਕੋਸਟ, 13 ਅਪ੍ਰੈਲ : 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਦੇ ਬਜਰੰਗ ਪੂਨੀਆ ਵਲੋਂ 65 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਮੈਡਲ ਦੇ ਜਿੱਤਣ ਤੋਂ ਬਾਅਦ ਭਾਰਤ ਕੋਲ 17 ਗੋਲਡ ਮੈਡਲ ਹੋ ਚੁਕੇ ਹਨ।

 

ਕੌਮੀ ਫ਼ਿਲਮ ਪੁਰਸਕਾਰ : ਸ੍ਰੀਦੇਵੀ ਸਰਬੋਤਮ ਅਦਾਕਾਰਾ ਤੇ ਵਿਨੋਦ ਖੰਨਾ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ

ਨਵੀਂ ਦਿੱਲੀ, 13 ਅਪ੍ਰੈਲ : ਦਿੱਲੀ 'ਚ ਅੱਜ 65ਵੇਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਇਸ ਸਾਲ ਰਾਸ਼ਟਰੀ ਪੁਰਸਕਾਰਾਂ 'ਚ ਸਰਬੋਤਮ ਅਦਾਕਾਰਾ ਦਾ ਅਵਾਰਡ ਮਰਹੂਮ ਅਦਾਕਾਰਾ ਸ੍ਰੀਦੇਵੀ ਨੂੰ ਦਿਤਾ ਗਿਆ ਹੈ। ਜਦਕਿ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਮਰਹੂਮ ਅਦਾਕਾਰ ਵਿਨੋਦ ਖੰਨਾ ਨੂੰ ਦਿਤਾ ਗਿਆ ਹੈ। ਸਰਬੋਤਮ ਹਿੰਦੀ ਫ਼ਿਲਮ ਦਾ ਪੁਰਸਕਾਰ 'ਨਿਊਟਨ' ਨੂੰ ਗਿਆ ਹੈ।