ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ: ਜਸਟਿਸ ਕੁਰੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਸਟਿਸ ਚੇਲਾਮੇਸ਼ਵਰ ਤੋਂ ਬਾਅਦ ਹੁਣ ਜਸਟਿਸ ਕੁਰੀਅਨ ਨੇ ਲਿਖੀ ਸੀਜੇਆਈ ਨੂੰ ਚਿੱਠੀ

justice kurian joseph

 ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਪੈਦਾ ਹੋਇਆ ਵਿਰੋਧ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸੁਪਰੀਮ ਕੋਰਟ ਦੇ ਜਸਟਿਸ ਜੇ. ਚੇਲਾਮੇਸ਼ਵਰ ਦੇ ਸਵਾਲ ਉਠਾਉਣ ਤੋਂ ਬਾਅਦ ਹੁਣ ਜਸਟਿਸ ਕੁਰੀਅਨ ਜੋਸੇਫ਼ ਨੇ ਵੀ ਚੀਫ਼ ਜਸਟਿਸ ਨੂੰ ਚਿੱਠੀ ਲਿਖੀ ਹੈ। ਕੁਰੀਅਨ ਜੋਸੇਫ਼ ਨੇ ਅਪਣੀ ਚਿੱਠੀ ਵਿਚ ਕਾਲੇਜੀਅਮ ਦੀਆਂ ਸਿਫ਼ਾਰਸ਼ਾਂ 'ਤੇ ਕੇਂਦਰ ਦੇ ਰਵਈਏ 'ਤੇ ਵੀ ਨਾਰਾਜ਼ਗੀ ਪ੍ਰਗਟਾਈ ਹੈ। ਚਿੱਠੀ ਵਿਚ ਜਸਟਿਸ ਜੋਸੇਫ਼ ਨੇ ਲਿਖਿਆ ਹੈ ਕਿ ਮਹੀਨਿਆਂ ਪਹਿਲਾਂ ਕੀਤੀਆਂ ਗਈਆਂ ਕਾਲੇਜੀਅਮ ਦੀਆਂ ਸਿਫ਼ਾਰਸ਼ਾਂ 'ਤੇ ਸਰਕਾਰ ਕਾਰਵਾਈ ਕਰਨ ਦੀ ਬਜਾਏ ਚੁਪਚਾਪ ਫ਼ਾਈਲ ਦਬਾਈ ਬੈਠੀ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਸਬੰਧੀ ਸੁਪਰੀਮ ਕੋਰਟ ਸਰਕਾਰ ਤੋਂ ਸਵਾਲ ਪੁੱਛੇ ਕਿਉਂਕਿ ਸੁਪਰੀਮ ਕੋਰਟ ਦੀ ਸਾਖ ਵੀ ਦਾਅ 'ਤੇ ਲੱਗੀ ਹੋਈ ਹੈ। ਉਨ੍ਹਾਂ ਲਿਖਿਆ ਕਿ ਜਸਟਿਸ ਕਰਣਨ ਦੇ ਮਾਮਲੇ ਵਾਂਗ ਤੁਰਤ ਸੱਤ ਜੱਜਾਂ ਦੀ ਬੈਂਚ ਦਾ ਗਠਨ ਕਰ ਕੇ ਹੁਕਮ ਜਾਰੀ ਕਰਨ ਦੀ ਲੋੜ ਹੈ।

ਜੇਕਰ ਹੁਣ ਵੀ ਅਸੀਂ ਭਾਵ ਅਦਾਲਤ ਚੁੱਪ ਬੈਠੀ ਰਹੀ ਤਾਂ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ। ਜਸਟਿਸ ਜੋਸੇਫ਼ ਨੇ ਜਸਟਿਸ ਕੇ.ਐਮ. ਜੋਸੇਫ਼ ਅਤੇ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸੁਪਰੀਮ ਕੋਰਟ ਕੋਲੇਜੀਅਮ ਦੀਆਂ ਫ਼ਰਵਰੀ ਵਿਚ ਭੇਜੀਆਂ ਸਿਫ਼ਾਰਸ਼ਾਂ 'ਤੇ ਸਰਕਾਰ ਦੀ ਚੁੱਪੀ ਅਤੇ ਅਸਫ਼ਲਤਾ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸੱਭ ਤੋਂ ਵੱਡੀ ਅਦਾਲਤ ਦੇ ਅਧਿਕਾਰ ਅਤੇ ਸ਼ਕਤੀ ਨੂੰ ਦਿਤੀ ਜਾ ਰਹੀ ਚੁਨੌਤੀ ਦਸਿਆ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ 9 ਅਪ੍ਰੈਲ ਨੂੰ ਲਿਖੇ ਇਸ ਪੱਤਰ ਦੀ ਕਾਫ਼ੀ ਸੁਪਰੀਮ ਕੋਰਟ ਦੇ ਹੋਰ ਸਾਰੇ 21 ਜੱਜਾਂ ਨੂੰ ਵੀ ਭੇਜੀ ਗਈ ਹੈ।  (ਏਜੰਸੀਆਂ)