ਤਮਿਲ ਸਮਰਥਕਾਂ ਨੇ ਮੋਦੀ ਨੂੰ ਦਿਖਾਏ ਕਾਲੇ ਝੰਡੇ, ਇਕ ਵਿਅਕਤੀ ਵਲੋਂ ਆਤਮਦਾਹ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਵੇਰੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤਮਿਲ ਸਮਰਥਕ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਕਾਲੇ ਝੰਡੇ ...

person set himself on fire protest inaction on cauvery issue

ਚੇਨਈ : ਕਾਵੇਰੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤਮਿਲ ਸਮਰਥਕ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਤਮਿਲ ਸਮਰਥਕ ਸੰਗਠਨਾਂ ਦੇ ਮੁਖੀ ਸੰਗਠਨ ਟੀਵੀਕੇ ਅਤੇ ਵਿਧਾਇਕ ਤਮਿਮਨ ਅੰਸਾਰੀ ਦੀ ਅਗਵਾਈ ਵਾਲੀ ਮਣਿਥਨੇਯਾ ਜਨਨਾਯਗ ਕਾਚੀ ਉਨ੍ਹਾਂ ਸੰਗਠਨਾਂ ਵਿਚ ਸ਼ਾਮਲ ਰਹੇ, ਜਿਨ੍ਹਾਂ ਨੇ ਚੇਨਈ ਹਵਾਈ ਅੱਡੇ ਦੇ ਇਲਾਕੇ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਤਜਰਬੇਕਾਰ ਫਿ਼ਲਮ ਨਿਰਦੇਸ਼ਕ ਭਾਰਤੀ ਰਾਜਾ ਅਤੇ ਫਿ਼ਲਮ ਨਿਰਮਾਤਾ ਅਮੀਰ ਨੇ ਹਵਾਈ ਅੱਡਾ ਕੰਪਲੈਕਸਾਂ ਵਿਚ ਪ੍ਰਦਰਸ਼ਨ ਕੀਤੇ ਅਤੇ ਨਾਅਰੇ ਲਗਾਏ।

ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿਤਾ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਦਰਸ਼ਨਾਂ ਕਾਰਨ ਹਵਾਈ ਅੱਡੇ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਆਵਾਜਾਈ ਜਾਮ ਦੇਖਿਆ ਗਿਆ। ਮੋਦੀ ਦੇ ਦੌਰੇ ਅਤੇ ਕਾਵੇਰੀ ਪ੍ਰਬੰਧਨ ਬੋਰਡ ਦਾ ਗਠਨ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਡੀਐਮਕੇ ਮੁਖੀ ਐਮ ਕਰੁਣਾਨਿਧੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐਮ.ਕੇ. ਸਟਾਲਿਨ, ਰਾਜ ਸਭਾ ਸਾਂਸਦ ਕਨਿਮੋਝੀ ਅਤੇ ਹੋਰ ਨੇਤਾਵਾਂ ਦੀ ਰਿਹਾਇਸ਼ 'ਤੇ ਕਾਲੇ ਝੰਡੇ ਲਗਾਏ ਗਏ। ਝਰੋਡ ਜ਼ਿਲ੍ਹੇ ਵਿਚ ਡੀਐਮਕੇ ਵਰਕਰਾਂ ਨੇ ਕਾਲੇ ਗੁਬਾਰੇ ਛੱਡੇ।


ਇਸੇ ਤਰ੍ਹਾਂ ਕਾਵੇਰੀ ਮੁੱਦੇ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਕਥਿਤ ਅਸਫ਼ਲਤਾ ਨੂੰ ਲੈ ਕੇ ਇੱਥੇ 25 ਸਾਲਾਂ ਵਿਅਕਤੀ ਨੇ ਖ਼ੁਦ ਨੂੰ ਅੱਗ ਲਗਾ ਲਈ। ਦਸ ਦਈਏ ਕਿ ਵਿਅਕਤੀ ਵਲੋਂ ਆਤਮਦਾਹ ਦੀ ਕੋਸ਼ਿਸ਼ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿਰੂਵੇਦਾਂਤੀ ਵਿਚ ਦੇਸ਼ ਦੀ ਸਭ ਤੋਂ ਵੱਡੀ ਰੱਖਿਆ ਪ੍ਰਰਦਸ਼ਨੀ ਦਾ ਰਸਮੀ ਉਦਘਾਟਨ ਕਰਨ ਸੂਬੇ ਦੇ ਦੌਰੇ 'ਤੇ ਆਏ ਹੋਏ ਹਨ। 


ਪੁਲਿਸ ਅਤੇ ਡਾਕਟਰਾਂ ਨੇ ਦਸਿਆ ਕਿ ਅੱਗ ਲਗਾਉਣ ਤੋਂ ਬਾਅਦ ਧਰਮਲਿੰਗਮ ਨਾਂਅ ਦਾ ਇਹ ਵਿਅਕਤੀ 90 ਫ਼ੀ ਸਦੀ ਤਕ ਝੁਲਸ ਗਿਆ ਹੈ ਅਤੇ ਉਸ ਨੂੰ ਝਰੋਡ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਿਹਾ ਕਿ ਅਜਿਹਾ ਦਸਿਆ ਜਾ ਰਿਹਾ ਹੈ ਕਿ ਵਿਅਕਤੀ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਰੂਪ ਨਾਲ ਪਰੇਸ਼ਾਨ ਚੱਲ ਰਿਹਾ ਸੀ। 

ਧਰਮਲਿੰਗਮ ਦੇ ਘਰ ਦੀ ਕੰਧ 'ਤੇ ਲਿਖੇ ਸੰਦੇਸ਼ ਵਿਚ ਕਿਹਾ ਗਿਆ ਹੈ, ''ਕਾਵੇਰੀ ਦਾ ਪਾਣੀ ਤਮਿਲਨਾਡੂ ਦੇ ਲੋਕਾਂ ਦੀ ਜੀਵਨਰੇਖਾ ਹੈ। ਅਜੇ ਤਕ ਮੁੱਖ ਮੰਤਰੀ ਕੇ. ਪਲਾਨੀਸਾਮੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਵੇਰੀ ਪ੍ਰਬੰਧਨ ਬੋਰਡ ਗਠਿਤ ਕਰਨ 'ਤੇ ਕੋਈ ਕਦਮ ਨਹੀਂ ਉਠਾਇਆ। ਮੈਂ ਮੋਦੀ ਦੇ ਤਮਿਲਨਾਡੂ ਦੌਰੇ ਦਾ ਵਿਰੋਧ ਕਰਦਾ ਹਾਂ।''

ਪੁਲਿਸ ਨੇ ਦਸਿਆ ਕਿ ਉਸ ਨੇ ਅਪਣੇ ਉਪਰ ਕੈਰੋਸਿਨ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਵੇਰੀ ਪ੍ਰਬੰਧਨ ਬੋਰਡ ਗਠਿਤ ਕਰਨ ਦੀ ਮੰਗ ਨੂੰ ਲੈ ਕੇ ਇਕ ਅਪ੍ਰੈਲ ਤੋਂ ਰਾਜ ਵਿਚ ਰਾਜਨੀਤਕ ਦਲ, ਤਮਿਲ ਸਮਰਥਕ ਸੰਗਠਨ, ਸਵੈ ਸੇਵੀ ਸੰਗਠਨ ਅਤੇ ਵਿਦਿਆਰਥੀ ਸਮੂਹ ਪ੍ਰਦਰਸ਼ਨ ਕਰ ਰਹੇ ਹਨ।