ਮੌਸਮ ਦੀ ਕਰਵਟ : ਥੋੜ੍ਹੀ ਰਾਹਤ ਵੱਡੀ ਆਫ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਾਰਿਸ਼ ਨੇ ਤਾਪਮਾਨ ਨੂੰ ਘਟਾਉਂਦਿਆਂ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿਵਾ ਦਿਤੀ ਹੈ ਪਰ ਇਸ ...

wether change rain and cyclone big problems

ਨਵੀਂ ਦਿੱਲੀ : ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਾਰਿਸ਼ ਨੇ ਤਾਪਮਾਨ ਨੂੰ ਘਟਾਉਂਦਿਆਂ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿਵਾ ਦਿਤੀ ਹੈ ਪਰ ਇਸ ਬੇਸਮੌਸਮੀ ਬਾਰਿਸ਼ ਅਤੇ ਨਾਲ ਹੀ ਆਏ ਤੂਫ਼ਾਨ ਨੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰ ਦਿਤਾ ਹੈ। ਇਹੀ ਨਹੀਂ, ਤੂਫ਼ਾਨ ਕਾਰਨ ਕੁੱਝ ਥਾਵਾਂ 'ਤੇ ਮਕਾਨ ਡਿੱਗਣ ਦੀਆਂ ਖ਼ਬਰਾਂ ਮਿਲੀਆਂ ਅਤੇ ਇਸ ਕਾਰਨ ਕਈ ਲੋਕਾਂ ਦੀ ਜਾਨ ਵੀ ਗਈ ਹੈ। 

ਵੀਰਵਾਰ ਨੂੰ ਦਿੱਲੀ ਵਿਚ ਬਾਰਿਸ਼ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਆਉਣ ਨਾਲ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਜਿਸ ਨਾਲ ਦਿੱਲੀ ਵਾਸੀਆਂ ਨੇ ਬਾਰਿਸ਼ ਦਾ ਆਨੰਦ ਮਾਣਿਆ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਘੱਟੋ-ਘੱਟ ਤਾਪਮਾਨ ਮੌਸਮ ਦੇ ਔਸਤ ਤਾਪਮਾਨ ਨਾਲੋਂ ਤਿੰਨ ਡਿਗਰੀ ਹੇਠਾਂ 17.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਉਧਰ ਦੂਜੇ ਪਾਸੇ ਰਾਜਸਥਾਨ ਵਿਚ ਇਹ ਬਾਰਿਸ਼ ਅਤੇ ਉਸ ਨਾਲ ਆਇਆ ਭਿਆਨਕ ਤੂਫ਼ਾਨ ਕਿਸਾਨਾਂ ਅਤੇ ਹੋਰ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ। ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਏ ਤੂਫ਼ਾਨ ਵਿਚ ਧੌਲਪੁਰ ਜ਼ਿਲ੍ਹੇ ਦੇ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਪੁਲਿਸ ਮੁਖੀ ਧੌਲਪੁਰ ਰਾਜੇਸ਼ ਸਿੰਘ ਨੇ ਦਸਿਆ ਕਿ ਅਸਮਾਨੀ ਬਿਜਲੀ ਡਿੱਗਣ ਅਤੇ ਹਨ੍ਹੇਰੀ ਕਾਰਨ ਦੋ ਸਕੀਆਂ ਭੈਣਾਂ ਗੁੜੀਆ ਅਤੇ ਮਤਲਾਨਾ (4 ਅਤੇ 2 ਸਾਲ), ਭਗਵਤੀ ਪ੍ਰਸਾਦ (30), ਖਿਲੋਨੀ (35), ਪਿੰਕੀ (18), ਸੂਰਜਭਾਨ (10), ਮਨੀਸ਼ਾ (4) ਅਤੇ ਉਮੇਸ਼ (10) ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਧੌਲਪੁਰ ਸਮੇਤ ਸਪਉ ਅਤੇ ਰਾਜਾਖੇੜਾ ਇਲਾਕੇ ਵਿਚ ਹਨ੍ਹੇਰੀ ਅਤੇ ਤੂਫ਼ਾਨ ਕਾਰਨ ਕਈ ਮਕਾਨ ਡਿੱਗ ਗਏ। ਇਸ ਤੋਂ ਇਲਾਵਾ ਜੈਪੁਰ, ਅਜਮੇਰ, ਅਲਵਰ, ਭਰਤਪੁਰ ਵਿਚ ਵੀ ਜਨ ਜੀਵਨ ਪ੍ਰਭਾਵਤ ਹੋਇਆ ਹੈ। ਜੈਪੁਰ ਵਿਚ ਤੂਫ਼ਾਨ ਅਤੇ ਬਾਰਿਸ਼ ਕਾਰਨ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਆਈਪੀਐਲ ਕ੍ਰਿਕਟ ਮੈਚ ਕਰੀਬ ਦੋ ਘੰਟੇ ਲਈ ਰੋਕਣਾ ਪਿਆ। 

 

ਇਸੇ ਤਰ੍ਹਾਂ ਉੱਤਰ ਪ੍ਰਦੇਸ਼ (ਯੂਪੀ) ਦੇ ਮਥੁਰਾ ਵਿਚ ਵੀ ਬਾਰਿਸ਼ ਦਾ ਕਹਿਰ ਵਰਤਿਆ, ਜਿੱਥੇ ਬਾਰਿਸ਼ ਅਤੇ ਗੜ੍ਹਿਆਂ ਨੇ ਜਨਜੀਵਨ ਨੂੰ ਪ੍ਰਭਾਵਤ ਕੀਤਾ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ। ਪ੍ਰਸ਼ਾਸਨ ਅਨੁਸਾਰ ਫਰਹ ਬਲਾਕ ਦੇ ਇਕ ਪਿੰਡ ਵਿਚ ਮਕਾਨ ਦੀ ਛੱਡ ਡਿੱਗਣ ਨਾਲ ਪਰਿਵਾਰ ਦੇ ਤਿੰਨ ਬੱਚਿਆਂ ਦੀ ਮਲਬੇ ਹੇਠ ਦਬਣ ਨਾਲ ਮੌਤ ਹੋ ਗਈ ਜਦਕਿ ਪਿੰਡ ਵਿਚ ਹੀ ਇਕ ਮਕਾਨ ਤੋਂ ਪਾਣੀ ਵਾਲੀ ਟੈਂਕੀ ਡਿੱਗਣ ਨਾਲ ਇਕ 70 ਸਾਲਾਂ ਬਜ਼ੁਰਗ ਔਰਤ ਦੀ ਮੌਤ ਹੋ ਗਈ। 

ਦਿੱਲੀ-ਆਗਰਾ ਰੇਲ ਮਾਰਗ 'ਤੇ ਉਵਰਹੈਡ ਬਿਜਲੀ ਲਾਈਨ ਟੁੱਟਣ ਨਾਲ ਅਪ ਅਤੇ ਡਾਊਨ ਰੇਲ ਮਾਰਗਾਂ ਵਿਚ ਰੁਕਾਵਟ ਪੈਦਾ ਹੋ ਗਈ। ਇਸ ਨਾਲ ਕਰੀਬ ਦੋ ਦਰਜਨ ਰੇਲਾਂ ਦੀ ਆਵਾਜਾਈ ਪ੍ਰਭਾਵਤ ਹੋਈ। ਗੜੇਮਾਰੀ ਹੋਣ ਕਾਰਨ ਮੋਰਾਂ ਸਮੇਤ ਵੱਡੀ ਗਿਣਤੀ ਵਿਚ ਹੋਰ ਪੰਛੀਆਂ ਦੇ ਮਰਨ ਦੀ ਵੀ ਖ਼ਬਰ ਹੈ। ਮਾਲ ਅਧਿਕਾਰੀ ਰਵਿੰਦਰ ਕੁਮਾਰ ਨੇ ਦਸਿਆ ਕਿ ਕੁਦਰਤੀ ਆਫ਼ਤ ਕਾਰਨ ਹੋਏ ਜਾਨ ਮਾਲ ਦੇ ਨੁਕਸਾਨ ਸਬੰਧੀ ਮਾਲ ਕਰਮਚਾਰੀਆਂ ਦੀ ਰਿਪੋਰਟ ਤੋਂ ਬਾਅਦ ਨਿਯਮਾਂ ਅਨੁਸਾਰ ਮੁਆਵਜ਼ਾ ਤੈਅ ਕੀਤਾ ਜਾਵੇਗਾ। 

ਦਸ ਦਈਏ ਕਿ ਪੰਜਾਬ ਵਿਚ ਵੀ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਕਾਫ਼ੀ ਬਾਰਿਸ਼ ਅਤੇ ਗੜੇਮਾਰੀ ਹੋਈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ। ਮੌਸਮ ਵਿਚਲੀ ਠੰਡਕ ਕਾਰਨ ਕਣਕ ਦੀ ਵਾਢੀ ਪਹਿਲਾਂ ਹੀ ਪਛੜ ਗਈ ਹੈ, ਉਪਰੋਂ ਇਸ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਹਾਲੇ ਕੁੱਝ ਖੇਤਰਾਂ ਵਿਚ ਹੋਰ ਬਾਰਿਸ਼ ਹੋਣ ਦੇ ਆਸਾਰ ਹਨ।